ਸ਼ਤਰੰਜ ’ਚ ਟੰਡਨ ਸਕੂਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ
ਟੰਡਨ ਇੰਟਰਨੈਸ਼ਨਲ ਸਕੂਲ ਦੀਆਂ ਖਿਡਾਰਨਾਂ ਨੇ 69ਵੀਆਂ ਸਕੂਲ ਖੇਡਾਂ ਦੇ ਜ਼ੋਨ ਪੱਧਰੀ ਸ਼ਤਰੰਜ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਹ ਜ਼ੋਨ ਪੱਧਰ ਦੇ ਸ਼ਤਰੰਜ ਮੁਕਾਬਲੇ ਸੰਧੂ ਪੱਤੀ ਜ਼ੋਨ ਵੱਲੋਂ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਟੰਡਨ ਸਕੂਲ ਵੱਲੋਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਵੀ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਟੰਡਨ ਸਕੂਲ ਦੀਆਂ ਅੰਡਰ-17 ਲੜਕੀਆਂ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗ਼ਮਾ ਜਿੱਤਿਆ। ਸਕੂਲ ਵੱਲੋਂ ਸ਼ਤਰੰਜ ਦੀ ਟੀਮ ਵਿੱਚ ਨੌਵੀਂ ਕਲਾਸ ਦੀ ਵਿਦਿਆਰਥਣ ਖੇਵਣਾ, ਪਰਵਿੰਦਰ ਕੌਰ ਸੱਤਵੀਂ ਕਲਾਸ, ਸ਼ਗਨਪ੍ਰੀਤ ਕੌਰ ਅਤੇ ਹਰਨੂਰ ਕੌਰ ਨੌਵੀਂ ਕਲਾਸ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਖੇਵਣਾ ਅਤੇ ਸ਼ਗਨਪ੍ਰੀਤ ਕੌਰ ਨੂੰ ਜ਼ਿਲ੍ਹਾ ਪੱਧਰ ਮੁਕਾਬਲੇ ਲਈ ਚੁਣਿਆ ਗਿਆ। ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਜੇਤੂ ਰਹੀਆਂ ਖਿਡਾਰਨਾਂ ਅਤੇ ਸਕੂਲ ਦੇ ਕੋਚ ਸੁਖਦੇਵ ਸਿੰਘ ਤੇ ਡੀਪੀ ਹਰਜੀਤ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਖਿਡਾਰਨ ਖੇਵਣਾ ਅਤੇ ਸ਼ਗਨਪ੍ਰੀਤ ਕੌਰ ਨੂੰ ਜ਼ਿਲ੍ਹਾ ਪੱਧਰ ਮੁਕਾਬਲੇ ਲਈ ਚੁਣੇ ਜਾਣ ’ਤੇ ਹੌਸਲ-ਅਫ਼ਜ਼ਾਈ ਕੀਤੀ। ਉਨ੍ਹਾਂ ਆਸ ਪ੍ਰਗਟਾਈ ਸਕੂਲ ਦੀਆਂ ਖਿਡਾਰਨਾਂ ਜ਼ਿਲ੍ਹੇ ਪੱਧਰੀ ਸ਼ਤਰੰਜ ਮੁਕਾਬਲੇ ਵਿੱਚ ਇਸ ਤੋਂ ਵੀ ਚੰਗਾ ਪ੍ਰਦਰਸ਼ਨ ਕਰਨਗੀਆਂ। ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਜੇਤੂ ਰਹੀਆਂ ਖਿਡਾਰਨਾਂ ਖੇਵਣਾ ਅਤੇ ਸ਼ਗਨਪ੍ਰੀਤ ਕੌਰ ਨੂੰ ਜ਼ਿਲ੍ਹਾ ਪੱਧਰ ਮੁਕਾਬਲੇ ਲਈ ਚੁਣੇ ਜਾਣ ’ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।