ਤਲਵੰਡੀ ਸਾਬੋ ਤਾਪਘਰ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਟ
ਪੰਜਾਬ ਦੇ ਹੜ੍ਹ ਪੀੜਤਾਂ ਲਈ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐਲ) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਸਮੱਗਰੀ ਪ੍ਰਦਾਨ ਕਰਨੀ ਆਰੰਭ ਕਰ ਦਿੱਤੀ ਹੈ। ਅੱਜ ਪਹਿਲੇ ਦਿਨ 160 ਤੋਂ ਵੱਧ ਕਿੱਟਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੂੰ ਭੇਟ ਕੀਤੀਆਂ ਗਈਆਂ, ਜਿਨ੍ਹਾਂ ਵੱਲੋਂ ਤੁਰੰਤ ਜ਼ਿਲ੍ਹੇ ਦੇ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਸਬ-ਡਿਵੀਜ਼ਨ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਲੋੜਵੰਦਾਂ ਨੂੰ ਵੰਡਣ ਲਈ ਵਾਹਨ ਨੂੰ ਹਰੀ ਝੰਡੀ ਦਿੱਤੀ ਗਈ। ਤਾਪਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਹੋਰ ਰਾਸ਼ਨ ਕਿੱਟਾਂ ਅਤੇ ਪਿੰਡਾਂ ਵਿੱਚ ਮੀਂਹਾਂ ਕਾਰਨਾਂ ਬਿਮਾਰ ਹੋਏ ਲੋਕਾਂ ਲਈ ਮੈਡੀਕਲ ਕੈਂਪ ਲਾਉਣ ਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਫੈਸਲਾ ਕੀਤਾ ਹੈ।
ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਤਾਪਘਰ ਵੱਲੋਂ ਦਿੱਤੀ ਗਈ ਹਰੇਕ ਭੋਜਨ ਕਿੱਟ ਵਿੱਚ ਕਣਕ ਦਾ ਆਟਾ, ਚੌਲ, ਤੇਲ, ਦਾਲਾਂ, ਨਮਕ, ਹਲਦੀ ਅਤੇ ਜ਼ਰੂਰੀ ਮਸਾਲੇ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਿਛਲੇ ਪੰਜ ਦਹਾਕਿਆਂ ਵਿੱਚ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਲੋੜਵੰਦਾਂ ਨੂੰ ਸਮੇਂ-ਸਿਰ ਰਾਹਤ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵੇਦਾਂਤਾ ਪਾਵਰ ਦੇ ਟੀਐੱਸਪੀਐੱਲ ਵੱਲੋਂ ਭੋਜਨ ਰਾਸ਼ਨ ਕਿੱਟਾਂ ਦਾ ਯੋਗਦਾਨ ਇੱਕ ਸ਼ਲਾਘਾਯੋਗ ਕਦਮ ਹੈ, ਜੋ ਪ੍ਰਭਾਵਤ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕਦਮ, ਪੰਜਾਬ ਸਰਕਾਰ ਅਤੇ ਸਥਾਨਕ ਪੰਚਾਇਤਾਂ ਦੇ ਨਿਰੰਤਰ ਯਤਨਾਂ ਦੇ ਨਾਲ, ਮੁਸੀਬਤ ਵਿੱਚ ਭਾਈਚਾਰੇ ਦੀ ਰੱਖਿਆ ਅਤੇ ਸਹਾਇਤਾ ਕਰਨ ਦੀ ਸਾਡੀ ਯੋਗਤਾ ਨੂੰ ਮਜ਼ਬੂਤ ਕਰਦੇ ਹਨ।
ਤਾਪਘਰ ਦੇ ਸੀਈਓ ਪੰਕਜ ਸ਼ਰਮਾ ਨੇ ਕਿਹਾ ਕਿ ਟੀਐੱਸਪੀਐੱਲ ਪੰਜਾਬ ਦੇ ਹਿੱਤਾਂ ਪ੍ਰਤੀ ਡੂੰਘੀ ਚਿੰਤਤ ਹੈ ਅਤੇ ਟੀਐੱਸਪੀਐੱਲ ਪਰਿਵਾਰ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਦੇਖਕੇ ਦੁਖੀ ਹੈ। ਉਨ੍ਹਾਂ ਕਿਹਾ ਕਿ ਤਾਪਘਰ ਇਸ ਔਖ ਦੀ ਘੜੀ ਵਿੱਚ ਹੜ੍ਹ ਪੀੜਤਾਂ ਅਤੇ ਪ੍ਰਸ਼ਾਸਨ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਤ ਪਿੰਡਾਂ ਵਿੱਚ ਪਰਿਵਾਰਾਂ ਨੂੰ ਖਾਣ-ਪੀਣ ਦੀਆਂ ਵਸਤਾਂ ਵੰਡਣ ਤੋਂ ਇਲਾਵਾ, ਟੀਐੱਸਪੀਐੱਲ ਨੇ ਸਰਦੂਲਗੜ੍ਹ ਵਿੱਚ ਘੱਗਰ ਨਦੀ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕੋਲੇ ਦੀ ਰਾਖ ਨਾਲ ਭਰੇ ਲਗਭਗ 150 ਟਿੱਪਰ ਟਰੱਕ ਵੀ ਤਾਇਨਾਤ ਕੀਤੇ ਹਨ ਤਾਂ ਜੋ ਇਲਾਕੇ ਦੇ ਨਾਗਰਿਕਾਂ ਨੂੰ ਰਾਹਤ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਪੁਨਰ ਨਿਰਮਾਣ ਵਿੱਚ ਮੱਦਦ ਕੀਤੀ ਜਾ ਸਕੇ। ਇਸ ਮੌਕੇ ਐੱਸਡੀਐੱਮ ਕਾਲਾ ਰਾਮ ਕਾਂਸਲ, ਰਤਿੰਦਰ ਕੌਲ, ਗਗਨਦੀਪ ਸਿੰਘ, ਟੀਐੱਸਪੀਐੱਲ ਵੱਲੋਂ ਅਭਿਲਾਸ਼ਾ ਮਾਲਵੀਆ, ਸੀਐੱਚਆਰਓ ਵਿਨੈ ਕੁਮਾਰ ਤੇ ਯਸ਼ਮੀਨ ਮਿੱਤਲ ਵੀ ਮੌਜੂਦ ਸਨ।