ਗਹਿਲ ਕਾਲਜ ’ਚ ਪ੍ਰਤਿਭਾ ਖੋਜ ਮੁਕਾਬਲੇ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਸਾਹਿਤਕ ਕਲਾਵਾਂ ਵਿੱਚ ਭਾਸ਼ਣ ਕਲਾ, ਵਾਦ-ਵਿਵਾਦ, ਕਾਵਿ ਉਚਾਰਣ ਦੇ ਮੁਕਾਬਲੇ ਹੋਏ। ਮੰਚ ਦੀਆਂ ਕਲਾਵਾਂ ਵਿੱਚ ਕਵੀਸ਼ਰੀ, ਪਹਿਰਾਵਾ ਪ੍ਰਦਰਸ਼ਨੀ ਅਤੇ ਰਵਾਇਤੀ ਲੋਕ-ਗੀਤਾਂ ਨੇ ਦਰਸ਼ਕਾਂ ਨੂੰ ਮੋਹਿਆ। ਕੋਮਲ ਕਲਾਵਾਂ ਵਿੱਚ ਮੌਕੇ ’ਤੇ ਚਿੱਤਰਕਾਰੀ, ਕੋਲਾਜ਼ ਬਣਾਉਣਾ, ਪੋਸਟਰ ਬਣਾਉਣਾ, ਕਲੇਅ ਮਾਡਲਿੰਗ, ਰੰਗੋਲੀ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਪ੍ਰਦਰਸ਼ਨੀ ਕਲਾਵਾਂ ਅਧੀਨ ਕਢਾਈ, ਪੱਖੀ ਬੁਣਨਾ, ਨਾਲਾ ਬੁਣਨਾ, ਗੁੱਡੀਆਂ-ਪਟੋਲੇ, ਛਿੱਕੂ, ਇਨੂੰ, ਮਿੱਟੀ ਦੇ ਖਿਡੌਣੇ, ਖਿਦੋ ਬਣਾਉਣੀ, ਪੀੜੀ ਬੁਣਨੀ, ਕਰੋਸ਼ੀਏ ਦੀ ਬੁਣਤੀ ਅਤੇ ਪਰਾਂਦਾ ਬੁਣਨ ਦੇ ਮੁਕਾਬਲੇ ਵੀ ਹੋਈਆਂ।
ਸੰਸਥਾ ਦੇ ਮੁਖੀ ਡਾ. ਚਰਨਦੀਪ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸੰਪੂਰਨ ਵਿਕਾਸ ਵਿੱਚ ਸਹਾਈ ਹੁੰਦੇ ਹਨ। ਯੂਥ ਕੁਆਰਡੀਨੇਟਰ ਡਾ. ਗੁਰਦੀਪ ਕੌਰ, ਕੋ-ਕੁਆਰਡੀਨੇਟਰ ਪ੍ਰੋ. ਲਭਜੀਤ ਕੌਰ ਅਤੇ ਫਕੈਲਟੀ ਮੈਂਬਰਜ਼ ਸਾਹਿਬਾਨ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ। ਸਟੇਜ ਦਾ ਸੰਚਾਲਨ ਡਾ. ਗੁਰਦੀਪ ਕੌਰ ਅਤੇ ਵਿਦਿਆਰਥਣ ਇੰਦਰਜੀਤ ਕੌਰ ਵੱਲੋਂ ਬਾਖ਼ੂਬੀ ਨਿਭਾਇਆ ਗਿਆ।