ਧਨੌਲਾ ਦੇ ਪ੍ਰਾਚੀਨ ਬਰਨੇਵਾਲਾ ਮੰਦਰ ਵਿੱਚ ਬੀਤੇ ਦਿਨੀਂ ਲੰਗਰ ਬਣਾਉਣ ਦੌਰਾਨ ਸਿਲੰਡਰ ਨੂੰ ਲੱਗੀ ਅੱਗ ਕਾਰਨ ਝੁਲਸੇ 16 ਵਿਅਕਤੀਆਂ ’ਚੋਂ ਅੱਜ ਇੱਕ ਹਲਵਾਈ ਰਾਮ ਜਤਿਨ ਦੀ ਜ਼ੇਰੇ ਇਲਾਜ ਦੌਰਾਨ ਮੌਤ ਹੋ ਗਈ। ਮੌਤ ਦੀ ਖ਼ਬਰ ਸੁਣਦਿਆਂ ਹੀ ਹਲਵਾਈ ਭਾਈਚਾਰੇ ’ਚ ਸੋਗ ਦੀ ਲਹਿਰ ਦੌੜ ਗਈ। ਬਰਨਾਲਾ ਹਲਵਾਈ ਯੂਨੀਅਨ ਦੇ ਪ੍ਰਧਾਨ ਜੀਤ ਸਿੰਘ ਦੀ ਅਗਵਾਈ ’ਚ ਬਰਨਾਲਾ ਦੇ ਸਾਂਤੀ ਹਾਲ ਵਿੱਚ ਸਮੂਹ ਹਲਵਾਈਆਂ ਨਾਲ ਮੀਟਿੰਗ ਕੀਤੀ ਗਈ। ਹਲਵਾਈ ਯੂਨੀਅਨ ਨੇ ਪ੍ਰਸ਼ਾਸਨ ਅਤੇ ਮੰਦਰ ਕਮੇਟੀ ਵੱਲੋਂ ਪਰਿਵਾਰ ਨੂੰ ਵੱਧ ਤੋਂ ਵੱਧ ਵਿੱਤੀ ਸਹਾਇਤਾ ਦੇਣ ਦੀ ਅਪੀਲ ਕੀਤੀ। ਪ੍ਰਧਾਨ ਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਜ਼ਖ਼ਮੀ ਵਿਅਕਤੀਆਂ ਦਾ ਇਲਾਜ ਵਧੀਆ ਢੰਗ ਨਾਲ ਕਰਵਾਵੇ ਅਤੇ ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣ। ਧਨੌਲਾ ਹਲਵਾਈ ਯੂਨੀਅਨ ਦੇ ਸਾਬਕਾ ਪ੍ਰਧਾਨ ’ਤੇ ਕੌਂਸਲਰ ਸੁਖਵਿੰਦਰ ਸਿੰਘ ਮੁੰਦਰੀ ਨੇ ਕਿਹਾ ਕਿ ਰਾਮ ਜਤਿਨ ਦੀ ਮ੍ਰਿਤਕ ਦੇਹ ਦੇਰ ਸ਼ਾਮ ਆਉਣ ਨਾਲ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾ ਘਰ ਵਿੱਚ ਰਖਵਾ ਦਿੱਤੀ ਹੈ ਅਤੇ ਸਵੇਰੇ ਪੋਸਟ ਮਾਰਟਮ ਹੋਣ ਤੋਂ ਬਾਅਦ ਪਰਿਵਾਰ ਅਤੇ ਯੂਨੀਅਨ ਦਾ ਜੋ ਵੀ ਫੈਸਲਾ ਹੋਵੇਗਾ। ਉਸ ਬਾਰੇ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਮੀਟਿੰਗ ’ਚ ਹਲਵਾਈਆਂ ਦੇ ਧੰਦੇ ਨਾਲ ਜੁੜੇ ਵੱਡੀ ਗਿਣਤੀ ’ਚ ਕਿਰਤੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ 5 ਅਗਸਤ ਦੀ ਰਾਤ ਨੂੰ ਲੰਗਰ ਬਣਾਉਣ ਵੇਲੇ ਲੱਗੀ ਅੱਗ ਕਾਰਨ 7 ਔਰਤਾਂ ਸਣੇ 9 ਵਿਅਕਤੀ ਝੁਲਸੇ ਗਏ ਸਨ। ਜ਼ਖ਼ਮੀਆਂ ’ਚ ਛੇ ਹਲਵਾਈਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਫਰੀਦਕੋਟ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ।
+
Advertisement
Advertisement
Advertisement
Advertisement
×