ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਬਣੇ ਸੁਨੀਲ ਕੁਮਾਰ ਨੀਨੂੰ
ਨਗਰ ਕੌਂਸਲ ਮਾਨਸਾ ਦੇ ਅਹੁਦੇਦਾਰਾਂ ਦੀ ਬੱਚਤ ਭਵਨ ਵਿੱਜ ਹੋਈ ਚੋਣ ਵਿੱਚ ਸੁਨੀਲ ਨੀਨੂੰ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਜਦੋਂਕਿ ਸੀਨੀਅਰ ਮੀਤ ਪ੍ਰਧਾਨ ਲਈ ਵਿਸ਼ਾਲ ਜੈਨ ਗੋਲਡੀ ਤੇ ਮੀਤ ਪ੍ਰਧਾਨ ਲਈ ਦਵਿੰਦਰ ਜਿੰਦਲ ਦੀ ਚੋਣ ਕੀਤੀ ਗਈ ਹੈ। ਦੂਜੇ ਪਾਸੇ ਕੁਝ ਕੌਂਸਲਰਾਂ ਨੇ ਨਾਅਰੇਬਾਜ਼ੀ ਕਰਕੇ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਕਰਨ ਅਤੇ ਇਸ ਚੋਣ ਨੂੰ ਗਲਤ ਤਰੀਕੇ ਨਾਲ ਕਰਵਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਵਿਧਾਇਕ, ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਮਾਨਸਾ ਦੇ ਐੱਸਡੀਐੱਮ ਕਾਲਾ ਰਾਮ ਕਾਂਸਲ ਦੀ ਅਗਵਾਈ ’ਚ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਦੀ ਚੋਣ ਵੋਟਿੰਗ ਰਾਹੀਂ ਕਰਵਾਈ ਗਈ, ਜਿਸ ਵਿੱਚ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਸੁਨੀਲ ਨੀਨੂੰ ਨੂੰ ਪ੍ਰਧਾਨ, ਵਿਸ਼ਾਲ ਜੈਨ ਗੋਲਡੀ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਦਵਿੰਦਰ ਜਿੰਦਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਜਦੋਂ ਇਹ ਐਲਾਨ ਕੀਤਾ ਗਿਆ ਤਾਂ ਸੀਨੀਅਰ ਮੀਤ ਪ੍ਰਧਾਨ ਦੀ ਚੋਣ ’ਚ ਖੜੇ ਨੇਮ ਚੰਦ, ਕੌਂਸਲਰ ਪ੍ਰੇਮ ਸਾਗਰ ਭੋਲਾ ਤੇ ਪਵਨ ਕੁਮਾਰ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਕੌਂਸਲਰ ਨੇਮ ਚੰਦ ਤੇ ਪ੍ਰੇਮ ਸਾਗਰ ਭੋਲਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਕੋਈ ਚੋਣ ਹੀ ਨਹੀਂ ਹੈ, ਪ੍ਰਸ਼ਾਸਨ ਵੱਲੋਂ ਸਰਕਾਰ ਦੇ ਇਸ਼ਾਰੇ ’ਤੇ ਆਪਣੇ ਕੌਂਸਲਰਾਂ ਦੇ ਜੇਤੂ ਹੋਣ ਹੋਣ ਦੇ ਐਲਾਨ ਹੀ ਕੀਤੇ ਗਏ ਹਨ, ਵੋਟਾਂ ਤਾਂ ਸਿਰਫ਼ ਖਾਨਾਪੂਰਤੀ ਤੇ ਦਿਖਾਵੇ ਲਈ ਪਵਾਈਆਂ, ਜਦੋਂ ਕਿ ਜੇਤੂ ਦਾ ਫ਼ੈਸਲਾ ਪਹਿਲਾਂ ਤੋਂ ਹੀ ਤੈਅ ਸੀ। ਉਨ੍ਹਾਂ ਕਿਹਾ ਕਿ ਇਹ ਸਾਰੀ ਚੋਣ ਸਿਰਫ਼ ਦਿਖਾਵਾ ਸੀ, ਜਿਸ ਨੂੰ ਉਹ ਕਾਨੂੰਨੀ ਚੁਣੌਤੀ ਦੇਣਗੇ ਤੇ ਇਸ ਪ੍ਰਤੀ ਪ੍ਰਦਰਸ਼ਨ ਵੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਿਹੜੀ ਚੋਣ ਹੈ, ਜਿਸ ’ਚ ਜਿੱਤੇ ਨੂੰ ਹਾਰਿਆ ਤੇ ਹਾਰੇ ਨੂੰ ਜੇਤੂ ਬਣਾ ਦਿੱਤਾ।
ਉਧਰ ਨਗਰ ਕੌਂਸਲ ਦੇ ਪ੍ਰਧਾਨ ਬਣੇ ਸੁਨੀਲ ਨੀਨੂ ਤੇ ਹੋਰਨਾਂ ਅਹੁਦੇਦਾਰਾਂ ਨੇ ਕਿਹਾ ਕਿ ਉਹ ਸ਼ਹਿਰ ਲਈ ਕੰਮ ਕਰਨ ਨੂੰ ਤਰਜੀਹ ਦੇਣਗੇ। ਉਨ੍ਹਾਂ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਲੱਡੂ ਵੰਡੇ, ਗੁਲਾਲ ਖੇਡਕੇ ਖੁਸ਼ੀ ਮਨਾਈ।
ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਇਹ ਚੋਣ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ, ਕੋਈ ਧੱਕੇਸ਼ਾਹੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਭ ਅਹੁਦੇਦਾਰ ਵਧੀਆ ਚੁਣੇ ਗਏ ਹਨ ਤੇ ਸ਼ਹਿਰ ਦੇ ਵਿਕਾਸ ਕੰਮ ਉਨਾਂ ਦੀ ਅਗਵਾਈ ’ਚ ਨਿੱਘਰ ਉਪਰਾਲੇ ਨਾਲ ਬਾਖੂਬੀ ਹੋਣਗੇ।