ਬਾਹਰਲੇ ਮੁਲਕਾਂ ’ਚ ਜੈਵਿਕ ਉਤਪਾਦ ਭੇਜ ਰਿਹੈ ਬੀਰੋਕੇ ਕਲਾਂ ਦਾ ਸੁਖਜੀਤ
ਦਿੱਲੀ ਦੇ ਕੌਮੀ ਵਪਾਰ ਮੇਲੇ ਵਿੱਚ ਲਾਈ ਸਟਾਲ; ਪੰਜਾਬ ਦੀ ਨੁਮਾਇੰਦਗੀ ਕਰ ਰਿਹੈ ਕਿਸਾਨ
ਪਿੰਡ ਬੀਰੋਕੇ ਕਲਾਂ ਦਾ ਕਿਸਾਨ ਸੁਖਜੀਤ ਸਿੰਘ (38) ਸਾਲ 2013 ਤੋਂ ਪਰਾਲੀ ਪ੍ਰਬੰਧਨ ਕਰਕੇ ਅਤੇ ਕੁਦਰਤੀ ਖੇਤੀ ਨਾਲ ਜੁੜ ਕੇ ਉੱਦਮੀ ਕਿਸਾਨ ਵਜੋਂ ਉਭਰਿਆ ਹੈ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਟ ਪਾਸ ਹੈ ਅਤੇ ਕਰੀਬ 12 ਸਾਲਾਂ ਤੋਂ ਆਪਣੇ ਭਰਾ ਨਾਲ ਮਿਲ ਕੇ ਆਪਣੀ 8 ਏਕੜ ਜ਼ਮੀਨ ਵਿੱਚ ਪਰਾਲੀ ਦਾ ਖੇਤ ਵਿੱਚ ਨਿਬੇੜਾ ਅਤੇ ਮਲਚਿੰਗ ਕਰ ਰਿਹਾ ਹੈ। ਸੁਖਜੀਤ ਸਿੰਘ ਨੇ ਦੱਸਿਆ ਕਿ ਐਤਕੀਂ ਉਨ੍ਹਾਂ ਦੇ ‘ਨੈਚੂਰਲ ਡਰੋਪਸ ਆਜੀਵਿਕਾ ਸੈਲਫ ਹੈਲਪ ਗਰੁੱਪ’ ਨੂੰ 14 ਤੋਂ 27 ਨਵੰਬਰ ਤੱਕ ਦਿੱਲੀ ਵਿੱਚ ਚੱਲਣ ਵਾਲੇ 44ਵੇਂ ਇੰਡੀਆ ਇੰਟਰਨੈਸ਼ਨਲ ਵਪਾਰ ਮੇਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਦੇ ਗਰੁੱਪ ਦੀ ਪ੍ਰੋਸੈਸਡ ਫੂਡ (ਮਿਲੇਟਜ਼) ਦੀ ਪੰਜਾਬ ਵੱਲੋਂ ਸਟਾਲ ਲੱਗੀ ਹੈ।
ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ 2012 ਵਿੱਚ ਪਰਾਲੀ ਨੂੰ ਅੱਗ ਲਾਉਣ ਕਰਕੇ ਖੇਤ ਵਿੱਚ ਉਸ ਨੇ ਸੱਪ ਅਤੇ ਕੁਝ ਜੀਵ-ਜੰਤੂ ਮਰੇ ਦੇਖੇ। ਇਸ ਤੋਂ ਇਲਾਵਾ ਉਸ ਦੇ ਭਰਾ ਦੇ ਨਵਜੰਮੇ ਪੁੱਤ ਨੂੰ ਜਮਾਂਦਰੂ ਬਿਮਾਰੀ ਦਾ ਪਤਾ ਲੱਗਿਆ। ਪੀ ਜੀ ਆਈ, ਚੰਡੀਗੜ੍ਹ ਦੇ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਇਹ ਬਿਮਾਰੀ ਜ਼ਮੀਨ ਵਿੱਚ ਖੁਰਾਕੀ ਤੱਤਾਂ ਦੀ ਘਾਟ ਅਤੇ ਖੇਤੀ ਰਸਾਇਣਾਂ ਦੀ ਵੱਧਦੀ ਵਰਤੋਂ ਕਾਰਨ ਹੋ ਸਕਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਖੇਤੀ ਲਈ ਕਿਸੇ ਵੀ ਰਸਾਇਣ ਦੀ ਵਰਤੋਂ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ ਪਰਾਲੀ ਸਾੜਨੀ ਵੀ ਛੱਡ ਦਿੱਤੀ। ਉਨ੍ਹਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਅਤੇ ਜੈਵਿਕ ਖੇਤੀ ਨਾਲ, ਜਿੱਥੇ ਕਣਕ-ਝੋਨੇ ਦੀ ਫ਼ਸਲ ਦੀ 40 ਤੋਂ 50 ਫ਼ੀਸਦੀ ਲਾਗਤ ਘਟੀ, ਉਥੇ ਉਸ ਦੇ ਖੇਤ ਦੀ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਹੋਇਆ। ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਕਣਕ, ਝੋਨੇ ਤੋਂ ਇਲਾਵਾ ਛੋਲੇ, ਦਾਲਾਂ, ਗੰਨਾ, ਹਲਦੀ ਆਦਿ ਵੀ ਲਾਉਂਦਾ ਹੈ। ਇਸ ਤੋਂ ਇਲਾਵਾ ਉਸ ਦੇ ਦੇਸੀ ਬੀਜਾਂ ਦੀ ਮੰਗ ਬਹੁਤ ਜ਼ਿਆਦਾ ਹੈ, ਜਿਸ ਤੋਂ ਉਹ ਵਧੀਆ ਕਮਾਈ ਕਰ ਰਿਹਾ ਹੈ। ਉਹ ਦਾਲਾਂ, ਮੋਟੇ ਅਨਾਜ, ਹਲਦੀ ਤੇ ਹੋਰ ਖਾਦ ਪਦਾਰਥਾਂ ਦੀ ਪ੍ਰੋਸੈਸਿੰਗ ਵੀ ਕਰ ਰਿਹਾ ਹੈ। ਉਸ ਨੇ ਆਪਣੇ ਘਰ ਵਿਚ ਸਟੋਰ ਬਣਾਇਆ ਹੈ, ਜਿਥੇ ਉਹ ਮੋਟੇ ਅਨਾਜ, ਮੋਟੇ ਅਨਾਜਾਂ ਦਾ ਆਟਾ, ਬਿਸਕੁਟ, ਹਲਦੀ, ਹਲਦੀ ਪੰਜੀਰੀ, ਤੇਲ, ਗੁੜ, ਸ਼ੱਕਰ, ਜੈਵਿਕ ਮਸਾਲੇ ਆਦਿ ਰੱਖਦਾ ਹੈ ਅਤੇ ਇਸਦਾ ਸਾਮਾਨ ਘਰ ਤੋਂ ਜਾਂ ਆਨਲਾਈਨ ਵਿਕ ਜਾਂਦਾ ਹੈ। ਉਹ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਸਣੇ ਕਰੀਬ 6 ਬਾਹਰਲੇ ਦੇਸ਼ਾਂ ਵਿੱਚ ਵੀ ਜੈਵਿਕ ਉਤਪਾਦ ਭੇਜ ਰਹੇ ਹਨ।

