ਖੁਦਕੁਸ਼ੀ ਮਾਮਲਾ: ਲਾਸ਼ ਸੜਕ ’ਤੇ ਰੱਖ ਕੇ ਜਾਮ ਲਾਇਆ
ਪੀਡ਼ਤ ਪਰਿਵਾਰ ਨੇ ਇਨਸਾਫ਼ ਮੰਗਿਆ; ਪੁਲੀਸ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਪਿੰਡ ਸੰਤਾਵਲੀ ਦੇ ਨੌਜਵਾਨ ਸੰਦੀਪ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਕਾਰਵਾਈ ਨਾ ਹੋਣ ’ਤੇ ਅੱਜ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜੀਵਨ ਨਗਰ ਵਿੱਚ ਪੁਲੀਸ ਥਾਣੇ ਦੇ ਬਾਹਰ ਲਾਸ਼ ਸੜਕ ’ਤੇ ਰੱਖ ਕੇ ਸੜਕ ਜਾਮ ਕਰ ਦਿੱਤੀ। ਲੋਕਾਂ ਨੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਮ੍ਰਿਤਕ ਦੀ ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਦੀਪ ਤਿੰਨ ਸਾਲਾਂ ਤੋਂ ਕਰੀਵਾਲਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ ’ਤੇ ਕੰਮ ਕਰਦਾ ਸੀ। ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। 2 ਦਸੰਬਰ 2025 ਨੂੰ ਰਾਤ ਲਗਪਗ 8:30 ਵਜੇ ਸੰਦੀਪ ਜ਼ਿਆਦਾ ਪ੍ਰੇਸ਼ਾਨ ਦਿਖਾਈ ਦਿੱਤਾ ਅਤੇ ਕਰੀਬ 11 ਵਜੇ ਉਸਦੀ ਸਿਹਤ ਜ਼ਿਆਦਾ ਵਿਗੜ ਗਈ। ਉਸ ਨੂੰ ਇਲਾਜ ਲਈ ਰਾਣੀਆਂ ਵਿੱਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਅੱਗੇ ਰੈਂਫਰ ਕਰ ਦਿੱਤਾ ਪਰ ਉਸ ਦੀ ਸਿਹਤ ਵਿਗੜਦੀ ਗਈ। ਇਸ ਦੌਰਾਨ ਹੀ ਸੰਦੀਪ ਨੇ ਆਪਣੇ ਜੀਜੇ ਮਨੋਜ ਕੁਮਾਰ ਨੂੰ ਦੱਸਿਆ ਕਿ ਸਿਰਸਾ ਦੇ ਦੋ ਨੌਜਵਾਨ ਉਸ ਦੇ ਨਾਲ ਪਿੰਡ ਕਰੀਵਾਲਾ ਵਿੱਚ ਦੁਕਾਨ ’ਤੇ ਕੰਮ ਕਰਦੇ ਹਨ ਜੋ ਉਸ ਨੂੰ ਦੁਕਾਨ ਦੇ ਲੈਣ ਦੇਣ ਨੂੰ ਲੈ ਕੇ ਕਈ ਦਿਨਾਂ ਤੋਂ ਲਗਾਤਾਰ ਪ੍ਰੇਸ਼ਾਨ ਕਰ ਰਹੇ ਹਨ। ਇਸ ਲਈ ਉਨ੍ਹਾਂ ਤੋਂ ਤੰਗ ਆ ਕੇ ਉਸ ਨੇ ਕੀਟਨਾਸ਼ਕ ਦਵਾਈ ਪੀ ਲਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਲਾਜ ਦੌਰਾਨ ਹੀ ਅੱਜ ਸੰਦੀਪ ਦੀ ਮੌਤ ਹੋ ਗਈ ਹੈ ਅਤੇ ਪਰਿਵਾਰ ਨੇ ਸੰਦੀਪ ਦੀ ਮੌਤ ਲਈ ਜ਼ਿਮੇਵਾਰ ਲੜਕਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ ਪਰ ਪੁਲੀਸ ਵੱਲੋਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਪਰਿਵਾਰਕ ਮੈਂਬਰਾਂ ਨੇ ਜੀਵਨ ਨਗਰ ਪੁਲੀਸ ਚੌਕੀ ਦੇ ਸਾਹਮਣੇ ਲਾਸ਼ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਜਾਨ ਲੈਣ ਵਾਲੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਉਪਰੰਤ ਪੁਲੀਸ ਨੇ ਪਰਿਵਾਰਕ ਮੈਂਬਰਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਜਾਮ ਖੁੱਲ੍ਹਵਾਇਆ।

