ਨਾਟਿਅਮ ਫੈਸਟੀਵਲ ’ਚ ਨਾਟਕ ‘ਪਾਰਕ’ ਦਾ ਸਫ਼ਲ ਮੰਚਨ
ਵਿਧਾਇਕ ਢਿੱਲੋਂ, ਪੀਏਯੂ ਦੇ ਡਾਇਰੈਕਟਰ ਨਿਰਮਲ ਸਿੰਘ ਜੌੜਾ ਤੇ ਸਮਾਜ ਸੇਵੀ ਵਿਕਾਸ ਗਰੋਵਰ ਨੇ ਕੀਤੀ ਸ਼ਿਰਕਤ
ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਚੱਲ ਰਹੇ ਨਾਟੀਅਮ ਫੈਸਟੀਵਲ ਦੌਰਾਨ ਕੁਰੂਕੁਸ਼ੇਤਰ (ਹਰਿਆਣਾ) ਦੀ ਟੀਮ ਵੱਲੋਂ ਖੇਡਿਆ ਗਿਆ ਨਾਟਕ ‘ਪਾਰਕ’ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਨਾਟਕ ਦੇ ਮੰਚਨ ਦੌਰਾਨ ਹਾਲ ਤਾਲੀਆਂ ਨਾਲ ਗੂੰਜਦਾ ਰਿਹਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਢਿੱਲੋਂ (ਡਿੰਪੀ), ਪੀਏਯੂ ਦੇ ਡਾਇਰੈਕਟਰ ਨਿਰਮਲ ਸਿੰਘ ਜੌੜਾ ਅਤੇ ਗਿੱਦੜਬਾਹਾ ਦੇ ਸਮਾਜ ਸੇਵੀ ਵਿਕਾਸ ਗਰੋਵਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਵਿਧਾਇਕ ਡਿੰਪੀ ਨੇ ਕਿਹਾ ਕਿ ਇਹ ਬਹੁਤ ਵੱਡਾ ਉਪਰਾਲਾ ਹੈ ਜਿਸ ਰਾਹੀਂ ਸਮਾਜ ਨੂੰ ਸਿੱਖਿਆ ਮਿਲਦੀ ਹੈ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਮਦਦ ਮਿਲੇਗੀ। ਨਾਟਕ ਸਮਾਜ ਦਾ ਦਰਪਣ ਹਨ ਜੋ ਸੱਚਾਈ ਨੂੰ ਸਟੇਜ ’ਤੇ ਲਿਆਉਂਦੇ ਹਨ।
ਵਿਸ਼ੇਸ਼ ਤੌਰ ’ਤੇ ਪੁੱਜੇ ਪੀਏਯੂ ਡਾਇਰੈਕਟਰ ਨਿਰਮਲ ਸਿੰਘ ਜੌੜਾ ਨੇ ਕਿਹਾ, “ਨਾਟਕ ਸਾਡੇ ਸਮਾਜ ਦੀ ਰੂਹ ਹਨ। ਜੋ ਕੁਝ ਸਮਾਜ ਵਿੱਚ ਵਾਪਰਦਾ ਹੈ, ਉਹੀ ਨਾਟਕਾਂ ਰਾਹੀਂ ਸਟੇਜ ’ਤੇ ਦਿਖਾਇਆ ਜਾਂਦਾ ਹੈ। ਉਨ੍ਹਾਂ ਕਿਹਾ ਬਲਵੰਤ ਗਾਰਗੀ ਨੇ ਬਠਿੰਡੇ ਤੋਂ ਸ਼ੁਰੂ ਕਰਕੇ ਦੇਸ਼ ਤੇ ਵਿਦੇਸ਼ ਤੱਕ ਪੰਜਾਬੀ ਨਾਟਕਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਦੀ ਇਹ ਪਰੰਪਰਾ ਨਾਟੀਅਮ ਗਰੁੱਪ ਵੱਲੋਂ ਅੱਜ ਵੀ ਜਾਰੀ ਰੱਖੀ ਜਾ ਰਹੀ ਹੈ।” ਉਨ੍ਹਾਂ ਨਾਟੀਅਮ ਟੀਮ ਨੂੰ ਵਧਾਈ ਦਿੱਤੀ। ਅੰਤ ਵਿੱਚ ਦਰਸ਼ਕਾਂ ਨੇ ਨਾਟਕ ਟੀਮ ਅਤੇ ਨਾਟੀਅਮ ਗਰੁੱਪ ਦੇ ਇੰਚਾਰਜ ਕੀਰਤੀ ਕਿਰਪਾਲ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਹ ਨੈਸ਼ਨਲ ਨਾਟਕ ਮੇਲਾ 26 ਸਤੰਬਰ ਤੋਂ ਸ਼ੁਰੂ ਹੋਇਆ ਹੈ ਜੋ 10 ਅਕਤੂਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਈਆਂ ਟੀਮਾਂ ਵੱਲੋਂ ਵੱਖ-ਵੱਖ ਭਾਸ਼ਾਵਾਂ ਵਿੱਚ ਨਾਟਕ ਪੇਸ਼ ਕੀਤੇ ਜਾ ਰਹੇ ਹਨ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਟੀਮਾਂ ਵੀ ਇਸ ਮੇਲੇ ਵਿੱਚ ਹਿੱਸਾ ਲੈ ਰਹੀਆਂ ਹਨ।