ਸੁਬਾਰਡੀਨੇੇਟ ਫੈਡਰੇਸ਼ਨ ਧੂਰੀ ਰੈਲੀ ’ਚ ਸ਼ਮੂਲੀਅਤ ਕਰੇਗੀ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਭਲਕੇ 16 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਕੀਤੀ ਜਾ ਰਹੀ ਸੂਬਾ ਪੱਧਰੀ ਮਹਾ ਰੈਲੀ ਅਤੇ ਰੋਸ ਮਾਰਚ ਵਿੱਚ ਪੰਜਾਬ ਸੁਬਾਰਡੀਨੇੇਟ ਸਰਵਿਸਿਜ਼ ਫੈਡਰੇਸ਼ਨ ਨੇ ਸ਼ਮੂਲੀਅਤ ਕਰਨ...
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਭਲਕੇ 16 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਕੀਤੀ ਜਾ ਰਹੀ ਸੂਬਾ ਪੱਧਰੀ ਮਹਾ ਰੈਲੀ ਅਤੇ ਰੋਸ ਮਾਰਚ ਵਿੱਚ ਪੰਜਾਬ ਸੁਬਾਰਡੀਨੇੇਟ ਸਰਵਿਸਿਜ਼ ਫੈਡਰੇਸ਼ਨ ਨੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਹੈ। ਫੈਡਰੇਸ਼ਨ ਦੇ ਸੂਬਾ ਆਗੂ ਕਰਮਜੀਤ ਸਿੰਘ ਬੀਹਲਾ, ਜ਼ਿਲ੍ਹਾ ਪ੍ਰਧਾਨ ਦਰਸ਼ਨ ਚੀਮਾ, ਜਨਰਲ ਸਕੱਤਰ ਤੇਜਿੰਦਰ ਤੇਜੀ, ਅਨਿਲ ਕੁਮਾਰ ਅਤੇ ਹਰਿੰਦਰ ਮੱਲੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੇਂਦਰ ਅਤੇ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਨਾਲੋਂ 16 ਫੀਸਦੀ ਮਹਿੰਗਾਈ ਭੱਤਾ ਘੱਟ ਦੇ ਰਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦੀ ਸੁਣਵਾਈ ਨਹੀਂ ਕਰ ਰਹੀ ਜਿਨ੍ਹਾਂ ਵਿਚ ਪੈਨਸ਼ਨਰਾਂ ਉੱਤੇ 2.59 ਦਾ ਗੁਣਾਂਕ ਲਾਗੂ ਕਰਨਾ, ਪੁਰਾਣੀ ਪੈਨਸ਼ਨ ਦੇਣ ਸਬੰਧੀ ਜਾਰੀ ਨੋਟੀਫਿਕੇਸ਼ਨ ਲਾਗੂ ਕਰਨਾ ਅਤੇ ਬੋਰਡ/ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਆਂਗਣਵਾੜੀ ਅਤੇ ਮਿੱਡ-ਡੇਅ ਮੀਲ ਭੱਤਾ ਅਤੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ’ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨਾ, ਕੱਚੇ, ਆਊਟਸੋਰਸ, ਇਨਲਿਸਟਮੈਂਟ ਅਤੇ ਸੁੁਸਾਇਟੀਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨਾ, 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਉੱਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨਾ, ਕੱਟੇ ਗਏ ਸਾਰੇ ਭੱਤੇ ਅਤੇ ਏ ਸੀ ਪੀ ਬਹਾਲ ਕਰਨਾ, ਪਰਖ ਕਾਲ ਦੌਰਾਨ ਮੁੱਢਲੀ ਤਨਖਾਹ ਦੇਣ ਦਾ ਫ਼ੈਸਲਾ ਰੱਦ ਕਰਨ, ਮਹਿੰਗਾਈ ਭੱਤੇ ਅਤੇ ਛੇਵੇਂ ਤਨਖਾਹ ਕਮਿਸ਼ਨ ਤਹਿਤ ਬਣਦੇ ਬਕਾਏ ਜਾਰੀ ਕਰਨਾ ਤੇ ਕੇਂਦਰੀ ਪੈਟਰਨ ’ਤੇ ਗ੍ਰੈਚੁਟੀ ਦੀ ਹੱਦ ਲਾਗੂ ਕਰਨਾ ਸ਼ਾਮਲ ਹਨ। ਇਸ ਮੌਕੇ ਰਛਪਾਲ ਸਿੰਘ ਠੀਕਰੀਵਾਲਾ,ਤਾਰ ਸਿੰਘ ਗਿੱਲ, ਬਿੰਦਰ ਸਿੰਘ, ਈਸ਼ਰ ਸਿੰਘ ਚੀਮਾ, ਮਨਜੀਤ ਸ਼ਹਿਣਾ, ਸੰਦੀਪ ਪੱਤੀ, ਕਰਮਜੀਤ ਕੌਰ ਰਾਏਸਰ ਤੇ ਹੋਰ ਮੌਜੂਦ ਸਨ।

