ਨੀਟ ’ਚ ਉੱਚ ਰੈਂਕ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨੇ
ਨੀਟ-2025 ਪ੍ਰੀਖਿਆ ਨਤੀਜਿਆਂ ਵਿੱਚ ਪੀਐੱਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗਖੇੜਾ ਦੇ ਤਿੰਨ ਵਿਦਿਆਰਥੀਆਂ ਨੇ ਉੱਚ ਰੈਂਕ ਹਾਸਲ ਕੀਤਾ ਹੈ। ਵਿਦਿਆਰਥੀ ਜਤਿਨ ਨੇ 170ਵਾਂ ਰੈਂਕ ਹਾਸਲ ਕਰ ਕੇ ਏਮਜ਼ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਲਈ ਜਗ੍ਹਾ ਪੱਕੀ ਕੀਤੀ। ਭੁਪਿੰਦਰ ਸਿੰਘ ਅਤੇ ਕਮਲ ਕੁਮਾਰ ਨੂੰ ਵੀ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲੇ ਦੀ ਉਮੀਦ ਹੈ।
ਵਿਦਿਆਲਿਆ ਕੈਂਪਸ ਵਿੱਚ ਤਿੰਨੇ ਵਿਦਿਆਰਥੀਆਂ ਅਤੇ ਉਨ੍ਹਾਂ ਮਾਪਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜੇਈਈ ਅਤੇ ਨੀਟ ਵਿੱਚ ਕ੍ਰਮਵਾਰ ਸਫ਼ਲਤਾ ਲਈ ਸਾਬਕਾ ਵਿਦਿਆਰਥੀਆਂ ਅਨਮੋਲਪ੍ਰੀਤ ਕੌਰ ਤੇ ਅਕਾਂਕਸ਼ਾ ਨੂੰ ਵੀ ਪਰਿਵਾਰਾਂ ਸਣੇ ਸਨਮਾਨਿਆ ਗਿਆ।
ਪ੍ਰਿੰਸੀਪਲ ਪਵਨ ਬਿਸ਼ਨੋਈ ਨੇ ਆਖਿਆ ਕਿ ਤਿੰਨੇ ਹੋਣਹਾਰ ਵਿਦਿਆਰਥੀਆਂ ਨੇ ਹਿੰਮਤ ਤੇ ਦ੍ਰਿੜ੍ਹ ਇਰਾਦੇ ਨਾਲ ਸਫ਼ਲਤਾ ਦੀ ਮਿਸਾਲ ਕਾਇਮ ਕੀਤੀ ਹੈ। ਵਾਈਸ ਪ੍ਰਿੰਸੀਪਲ ਡਾ. ਤਾਰਿਕ ਇਮਰਾਨ ਨੇ ਕਿਹਾ ਕਿ ਨਵੋਦਿਆ ਵਿਦਿਆਲਿਆ ਮੂਲ ਰੂਪ ਵਿੱਚ ਪੇਂਡੂ ਹੁਨਰ ਨੂੰ ਮੁਫ਼ਤ ਰਿਹਾਇਸ਼ ਤੇ ਪੜ੍ਹਾਈ ਸਹੂਲਤਾਂ ਦਿੰਦੀ ਹੈ। ਇਹ ਸਨਮਾਨ ਸਮਾਗਮ ਮੌਜੂਦਾ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਲਈ ਪ੍ਰੇਰਿਤ ਕਰੇਗਾ। ਇਸ ਮੌਕੇ ਵਿਦਿਆਰਥੀ, ਸਟਾਫ਼ ਤੇ ਨਵੋਦਿਆ ਵਿਦਿਆਲਿਆ ਜੈਸਲਮੇਰ ਦੇ ਸਾਬਕਾ ਵਿਦਿਆਰਥੀ ਡਾ. ਅਸ਼ੋਕ ਮੌਜੂਦ ਸਨ।