ਬਲਵਿੰਦਰ ਸਿੰਘ ਹਾਲੀ
ਬਾਜਾਖਾਨਾ, 8 ਮਾਰਚ
ਪਿੰਡ ਲੰਭਵਾਲੀ ਵਿੱਚ ਤੜਕੇ ਬਠਿੰਡਾਂ ਤੋਂ ਕੋਟਕਪੂਰਾ ਜਾਂ ਕੋਟਕਪੂਰਾ ਤੋਂ ਬਠਿੰਡਾ ਜਾਣ ਵਾਲੀਆਂ ਬੱਸਾਂ ਨਾ ਰੁਕਣ ਕਾਰਨ ਇਥੋਂ ਸਕੂਲਾਂ, ਕਾਲਜਾਂ ਅਤੇ ਸਰਕਾਰੀ ਡਿਊਟੀਆਂ ’ਤੇ ਜਾਣ ਵਾਲੇ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਪਿੰਡ ਨਿਵਾਸੀਆਂ ਨੇ ਕਈ ਵਾਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਬੱਸਾਂ ਰੋਕਣ ਦੀ ਮੰਗ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ।
ਪਿੰਡ ਦੀ ਪੰਚਾਇਤ ਮੈਂਬਰ ਅਤੇ ਮਜ਼ਦੂਰ ਆਗੂ ਸੁਖਜੀਤ ਕੌਰ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਪਹਿਲਾਂ 50 ਦੇ ਕਰੀਬ ਇਸ ਪਿੰਡ ਅਤੇ ਲਾਗਲੇ ਪਿੰਡਾਂ ਨਾਲ ਸਬੰਧਤ ਵਿਦਿਆਰਥੀ ਅਤੇ ਹੋਰ ਫ਼ਰੀਦਕੋਟ ਜਾਂ ਬਠਿੰਡਾ ਜਾਣ ਵਾਸਤੇ ਬੱਸ ਅੱਡੇ ’ਤੇ ਖੜ੍ਹਦੇ ਹਨ, ਪਰ ਨਾ ਸਰਕਾਰੀ ਅਤੇ ਨਾ ਹੀ ਪ੍ਰਾਈਵੇਟ ਬੱਸ ਵਾਲੇ ਇਥੇ ਬੱਸ ਰੋਕਦੇ ਹਨ, ਜਿਸ ਕਾਰਨ ਅਕਸਰ ਹੀ ਇਹ ਸਕੂਲ, ਕਾਲਜ ਜਾਂ ਕੰਮ ’ਤੇ ਜਾਣ ਲਈ ਲੇਟ ਹੋ ਜਾਂਦੇ ਹਨ ਜਾਂ ਫਿਰ ਇਨ੍ਹਾਂ ਨੂੰ 3 ਕਿਲੋਮੀਟਰ ਦੇ ਕਰੀਬ ਤੁਰ ਕੇ ਬਾਜਾਖਾਨਾ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਨ ਬੱਚਿਆਂ ਦੇ ਕਲਾਸਾਂ ਅਤੇ ਲੈਕਚਰ ਰਹਿ ਜ਼ਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪਿੰਡ ਦੇ ਬੱਸ ਅੱਡੇ ’ਤੇ ਸਵੇਰੇ ਦੇ ਸਮੇਂ ਬੱਸਾਂ ਰੋਕਣ ਦੀਆਂ ਹਦਾਇਤਾਂ ਕੀਤੀਆਂ ਜਾਣ।