ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 17 ਮਈ
ਪਿੰਡ ਦੀਵਾਨਾ ਦੇ ਖੇਡ ਮੈਦਾਨ ਵਿੱਚ 12ਵੀਂ ਮੈਡੀਕਲ ’ਚੋਂ 100 ਫ਼ੀਸਦੀ ਅੰਕ ਨਾਲ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਕੌਮੀ ਨੈੱਟਬਾਲ ਖਿਡਾਰਨ ਹਰਸੀਰਤ ਕੌਰ ਦਾ ਗ੍ਰਾਮ ਪੰਚਾਇਤ, ਪਰਵਾਸੀ ਵੀਰਾਂ ਅਤੇ ਪਿੰਡ ਵਾਸੀਆਂ ਵੱਲੋਂ ਸਨਮਾਨ ਅਤੇ ਰੂਬਰੂ ਸਮਾਗਮ ਕਰਵਾਇਆ ਗਿਆ। ਹਰਸੀਰਤ ਨਾਲ ਉਨ੍ਹਾਂ ਦੇ ਮਾਤਾ ਅਮਨਦੀਪ ਕੌਰ, ਪਿਤਾ ਸਿਮਰਦੀਪ ਸਿੰਘ, ਦਾਦੀ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
ਉਸਦੇ ਪਿਤਾ ਨੇ ਦੱਸਿਆ ਕਿ ਹਰਸੀਰਤ ਕੋਲ ਟੱਚ ਫ਼ੋਨ ਨਹੀਂ ਹੈ। ਉਹ ਪੜ੍ਹਾਈ ਮੌਕੇ ਵੀ ਖੇਡ ਮੈਦਾਨ ਨਾਲ ਜੁੜੀ ਰਹੀ ਅਤੇ ਨੈੱਟਬਾਲ ’ਚ ਕੌਮੀ ਪੱਧਰ ’ਤੇ ਪੰਜਾਬ ਵੱਲੋਂ ਖੇਡੀ ਹੈ। ਹਰਸੀਰਤ ਨਾਲ ਰੂਬਰੂ ਦੌਰਾਨ ਵਰਿੰਦਰ ਦੀਵਾਨਾ ਨੇ ਸਵਾਲ ਕੀਤੇ, ਜਿਸ ਦੇ ਉਸ ਨੇ ਬੜੇ ਠਰੰਮੇ ਨਾਲ ਸਟੀਕ ਜੁਆਬ ਦਿੱਤੇ। ਹਰਸੀਰਤ ਨੇ ਆਖਿਆ ਕਿ ਵਿਦਿਆਰਥੀ ਕਿਤਾਬੀ ਕੀੜਾ ਨਾ ਬਣਨ ਅਤੇ ਸਮਾਰਟ ਫੋਨ ਦੀ ਵਰਤੋਂ ਮਹਿਜ਼ ਪੜ੍ਹਾਈ ਵਾਸਤੇ ਕੀਤੀ ਜਾਵੇ। ਉਸ ਨੇ ਕਿਹਾ ਕਿ ਉਹ ਐੱਮਬੀਬੀਐੱਸ ਕਰੇਗੀ ਅਤੇ ਉਸ ਤੋਂ ਬਾਅਦ ਯੂਪੀਐੱਸਸੀ ਦਾ ਟੈਸਟ ਦੇਵੇਗੀ। ਹਰਸੀਰਤ ਦੀਆਂ ਗੱਲਾਂ ਨੇ ਬੱਚਿਆਂ ਵਿੱਚ ਕਾਫ਼ੀ ਉਤਸ਼ਾਹ ਭਰਿਆ। ਸਰਪੰਚ ਰਣਧੀਰ ਸਿੰਘ ਨੇ ਹਰਸੀਰਤ ਅਤੇ ਸਮੁੱਚੇ ਪਰਿਵਾਰ ਨੂੰ ਵੱਡੀ ਪ੍ਰਾਪਤੀ ਲਈ ਮੁਬਾਰਕਾਂ ਦਿੰਦਿਆਂ ਬੱਚਿਆਂ ਨੂੰ ਪ੍ਰੇਰਨਾ ਲੈਣ ਲਈ ਕਿਹਾ। ਕੋਚ ਬਲਕਾਰ ਸਿੰਘ ਨੇ ਮੁਬਾਰਕਾਂ ਦਿੰਦਿਆਂ, ਖਿਡਾਰੀਆਂ ਨੂੰ ਗਰਾਊਂਡ ਨਾਲ ਜੁੜਨ, ਦਿਲਚਸਪੀ ਨਾਲ ਪੜ੍ਹਨ, ਮਾੜੀ ਖੁਰਾਕ ਛੱਡਣ ਅਤੇ ਚੰਗੀ ਖੁਰਾਕ ਲੈਣ ਆਦਿ ਦੀ ਅਪੀਲ ਕੀਤੀ। ਪਿੰਡ ਵਲੋਂ ਸਨਮਾਨ ਚਿੰਨ੍ਹ, ਲੋਈ ਅਤੇ ਪੁਸਤਕਾਂ ਨਾਲ ਹਰਸੀਰਤ ਅਤੇ ਉਸ ਦੇ ਮਾਪਿਆਂ ਪਰਿਵਾਰ ਦਾ ਸਨਮਾਨ ਕੀਤਾ ਗਿਆ।