ਅਧਿਆਪਕਾਂ ਦੇ ਡੈਪੂਟੇਸ਼ਨ ਵਿਰੁੱਧ ਵਿਦਿਆਰਥੀ ਵੱਲੋਂ ਸੰਘਰਸ਼
ਸਿੱਖਿਆ ਵਿਭਾਗ ਵਿਰੁੱਧ ਨਾਅਰੇਬਾਜ਼ੀ; ਸਕੂਲ ਨੂੰ ਜਿੰਦਰਾ ਲਾਉਣ ਦੀ ਚਿਤਾਵਨੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਮੰਡੀ ਦੇ ਅੰਗਰੇਜ਼ੀ ਅਤੇ ਪੰਜਾਬੀ ਦੇ ਲੈਕਚਰਾਰਾਂ ਨੂੰ ਡੈਪੂਟੇਸ਼ਨ ਤੇ ਭੇਜਣ ਦਾ ਸਕੂਲ ਐੱਮ ਐੱਸ ਸੀ ਕਮੇਟੀ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਸਕੂਲ ਵਿੱਚ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਵਿਰੁੱਧ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ।
ਇਸ ਸਬੰਧੀ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ, ਉਪ ਚੇਅਰਮੈਨ ਰਾਜ ਸਿੰਘ, ਚਮਕੌਰ ਸਿੰਘ, ਭੁਪਿੰਦਰ ਕੁਮਾਰ ਅਤੇ ਰਾਜਵੰਤ ਕੌਰ ਨੇ ਕਿਹਾ ਕਿ ਸਕੂਲ ਦੇ ਅੰਗਰੇਜ਼ੀ ਲੈਕਚਰਾਰ ਦੀ ਆਰਜ਼ੀ ਡਿਊਟੀ ਬਠਿੰਡਾ ਵਿੱਚ ਇੱਕ ਸਾਲ ਪਹਿਲਾਂ ਕਰ ਦਿੱਤੀ ਗਈ ਤੇ ਹੁਣ ਸਕੂਲ ਦੇ ਪੰਜਾਬੀ ਵਿਸ਼ੇ ਦੇ ਲੈਕਚਰਾਰ ਦੀ ਆਰਜ਼ੀ ਡਿਊਟੀ 31 ਦਸੰਬਰ ਤੱਕ ਕਰ ਦਿੱਤੀ ਹੈ ਜਦੋਂਕਿ ਤਨਖ਼ਾਹ ਸਕੂਲ ਵਿੱਚੋਂ ਦਿੱਤੀ ਜਾ ਰਹੀ ਹੈ। ਇਸ ਸਕੂਲ ਵਿੱਚ 11ਵੀਂ ਤੇ 12ਵੀਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 425 ਹੈ। ਸਕੂਲ ਵਿੱਚੋਂ ਜਿੱਥੇ ਪਹਿਲਾਂ ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰ ਦਾ ਆਰਜ਼ੀ ਪ੍ਰਬੰਧ ਹੋਣ ਕਾਰਨ ਅੰਗਰੇਜ਼ੀ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਸੀ, ਉੱਥੇ ਹੁਣ ਪੰਜਾਬੀ ਲੈਕਚਰਾਰ ਦਾ ਆਰਜ਼ੀ ਪ੍ਰਬੰਧ ਹੋਣ ਕਾਰਨ ਪੰਜਾਬੀ ਲਾਜ਼ਮੀ ਤੇ ਪੰਜਾਬੀ ਚੋਣਵੇਂ ਵਿਸ਼ੇ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸਕੂਲ ’ਚ ਬਲਾਕ ਸ਼ਹਿਣਾ ਦੇ ਸਕੂਲਾਂ ਨਾਲੋਂ ਸਭ ਤੋਂ ਵੱਧ ਵਿਦਿਆਰਥੀ 931 ਹਨ, ਪਰ ਅਧਿਆਪਕਾਂ ਦੇ ਡੇਪੂਟੇਸ਼ਨ ਤੇ ਘੱਟ ਪੋਸਟਾਂ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਸਕੂਲ ’ਚ ਪੱਕੇ ਪ੍ਰਿੰਸੀਪਲ ਦੀ ਆਸਾਮੀ ਵੀ ਲੰਬੇ ਸਮੇਂ ਤੋਂ ਖਾਲੀ ਹੈ। ਉਨ੍ਹਾਂ ਸਿੱਖਿਆ ਵਿਭਾਗ ਨੂੰ ਚੇਤਾਵਨੀ ਦਿੱਤੀ ਹੈ ਜੇ ਡੈਪੂਟੇਸ਼ਨ ਰੱਦ ਨਾ ਕੀਤੇ ਤਾਂ ਸਕੂਲ ਨੂੰ ਜਿੰਦਰਾ ਲਗਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ।
ਇਸ ਸਬੰਧੀ ਕਾਰਜਕਾਰੀ ਪ੍ਰਿੰਸੀਪਲ ਤਲਵਿੰਦਰ ਸਿੰਘ ਸਿੱਧੂ ਨੇ ਸਕੂਲ ਵਿੱਚ ਆਸਾਮੀਆਂ ਖਾਲੀ ਪਈਆਂ ਹਨ, ਜਿਸ ਕਰ ਕੇ ਬੱਚਿਆਂ ਦੀ ਪੜ੍ਹਾਈ ’ਤੇ ਅਸਰ ਪੈ ਰਿਹਾ ਹੈ। ਇਸ ਸਬੰਧੀ ਪੱਖ ਜਾਣਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ।

