ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਮੁੱਖ ਗੇਟ ਮੂਹਰੇ ਰੋਡ ਉਪਰ ਸਪੀਡ ਬਰੇਕਰ ਬਣਾਉਣ ਅਤੇ ਪੱਕਾ ਬੱਸ ਅੱਡਾ ਬਣਾਉਣ ਸਮੇਤ ਹੋਰਨਾਂ ਮੰਗਾਂ ਲਈ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਰੋਸ ਰੈਲੀ ਕੀਤੀ ਗਈ।
ਆਇਸਾ ਦੇ ਸੂਬਾ ਕਨਵੀਨਰ ਸੁਖਜੀਤ ਸਿੰਘ ਰਾਮਾਂਨੰਦੀ ਨੇ ਕਿਹਾ ਕਾਲਜ ਦੇ ਗੇਟ ਅੱਗੇ ਬੱਸਾਂ ਰੁਕਣੀਆਂ ਯਕੀਨੀ ਬਣਾਈਆਂ ਜਾਣ, ਕਾਲਜ ਦੇ ਵਿੱਚ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਗੈਸਟ ਫੈਕਲਟੀ, 1158 ਪ੍ਰੋਫੈਸਰਾਂ ਸਮੇਤ ਸਮੁੱਚੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਲਿਆਂਦੇ ਗਏ ਵਾਧੂ ਵਿਸ਼ੇ ਵਾਪਸ ਲਏ ਜਾਣ ਅਤੇ ਕਾਲਜ ਵਿੱਚ ਸਾਫ ਸਫਾਈ ਪ੍ਰਬੰਧ ਕੀਤਾ ਜਾਵੇ।
ਐਸੋਸੀਏਸ਼ਨ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਸਕੱਤਰ ਅਮਨਦੀਪ ਸਿੰਘ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਤਹਿਤ ਕੇਂਦਰ ਸਰਕਾਰ ਦੀ ਪੈੜ ’ਚ ਪੈਰ ਰੱਖਦਿਆਂ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦੇ ਮਨਸੂਬੇ ਦੀ ਪੂਰਤੀ ਲਈ ਲੰਬੇ ਸਮੇਂ ਤੋਂ ਕਾਲਜਾਂ ਅੰਦਰ ਕੋਈ ਭਰਤੀ ਨਹੀਂ ਕਰ ਰਹੀ ਤੇ ਵਿਦਿਆਰਥੀਆਂ ਦੇ ਕਾਲਜ ਪਹੁੰਚਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਵਾਧੂ ਵਿਸ਼ਿਆਂ ਸਮੇਤ ਫੀਸਾਂ ਵਿੱਚ ਲਗਾਤਾਰ ਵਾਧਾ ਕਰਕੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਲਈ ਕਮਾਈ ਦਾ ਸਾਧਨ ਬਣਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਵੱਲੋਂ ਪਹਿਲੀ ਅਕਤੂਬਰ ਨੂੰ ਡੀ ਸੀ ਦਫ਼ਤਰ ਤੱਕ ਰੋਸ ਮਾਰਚ ਕੀਤਾ ਜਾਵੇਗਾ। ਇਸ ਮੌਕੇ ਹਨੀ ਸਿੰਘ, ਪ੍ਰਿੰਸ ਕੁਮਾਰ, ਜਸ਼ਨਪ੍ਰੀਤ ਸਿੰਘ, ਹੁਸਨਪ੍ਰੀਤ ਸਿੰਘ ਅਤੇ ਕਮਲਜੀਤ ਕੌਰ ਨੇ ਵੀ ਸੰਬੋਧਨ ਕੀਤਾ।