ਕਾਲਜੀਏਟਾਂ ਨੇ ਸਰਕਾਰ ’ਤੇ ਉਨ੍ਹਾਂ ਦੀ ਰਿਆਇਤੀ ਬੱਸ ਪਾਸ ਸਹੂਲਤ ਕਥਿਤ ਖੋਹੇ ਜਾਣ ਦਾ ਇਲਜ਼ਾਮ ਲਾਉਂਦਿਆਂ, ਇਸ ਨੂੰ ਤੁਰੰਤ ਬਹਾਲ ਕੀਤੇ ਜਾਣ ਦੀ ਮੰਗ ਕੀਤੀ ਹੈ।
ਯੂਨੀਵਰਸਿਟੀ ਕਾਲਜ ਘੁੱਦਾ ਦੀ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ, ਗੁਰਦਾਤ ਸਿੰਘ, ਆਕਾਸ਼ਦੀਪ ਸਿੰਘ, ਨਵਜੋਤ ਸਿੰਘ, ਅਰਸ਼ਦੀਪ ਕੌਰ, ਪ੍ਰਦੀਪ ਕੌਰ ਅਤੇ ਕਮਲ ਨੇ ਦੱਸਿਆ ਕਿ ਹਰ ਨਵੇਂ ਸੈਸ਼ਨ ਤੋਂ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਪੰਜਾਬ ਨੂੰ ਵਿਦਿਆਰਥੀ ਬੱਸ ਬਣਾਉਣ ਸਬੰਧੀ ਮਨਜ਼ੂਰੀ ਦੇਣੀ ਹੁੰਦੀ ਹੈ, ਪ੍ਰੰਤੂ ਇਸ ਵਾਰ ਹਾਲੇ ਤੱਕ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਜਿਸ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਆਰਥਿਕ ਬੋਝ ਵੀ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਆਇਤੀ ਬੱਸ ਪਾਸ ਦੀ ਸਹੂਲਤ ਬਹਾਲ ਕਰਵਾਉਣ ਸਬੰਧੀ ਅੱਜ ਕਾਲਜ ਪ੍ਰਿੰਸੀਪਲ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਪੱਤਰ ਰਾਹੀਂ ਰਿਆਇਤੀ ਬੱਸ ਪਾਸ ਫੌਰੀ ਬਹਾਲ ਕਰਨ, ਪੇਂਡੂ ਇਲਾਕਿਆਂ ’ਚ ਸਰਕਾਰੀ ਬੱਸਾਂ ਚਲਾਉਣ, ਹਰਿਆਣਾ ਦੀ ਤਰਜ਼ ’ਤੇ ਪੰਜਾਬ ’ਚ 90 ਕਿਲੋਮੀਟਰ ਤੱਕ ਬੱਸ ਪਾਸ ਦੀ ਸਹੂਲਤ ’ਚ ਵਾਧਾ ਕਰਨ, ਵਿੱਦਿਅਕ ਸੰਸਥਾਵਾਂ ਅੱਗੇ ਬੱਸਾਂ ਰੋਕਣੀਆਂ ਯਕੀਨੀ ਬਣਾਉਣ ਅਤੇ ਬੱਸ ਪਾਸ ਸਰਕਾਰੀ ਬੱਸ ਸਮੇਤ ਸਾਰੀਆਂ ਪ੍ਰਾਈਵੇਟ ਤੇ ਮਿੰਨੀ ਬੱਸਾਂ ’ਤੇ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਮੰਗਾਂ ਦਾ ਫੌਰੀ ਹੱਲ ਨਾ ਕੀਤਾ, ਤਾਂ ਸੰਘਰਸ਼ ਕੀਤਾ ਜਾਵੇਗਾ।