ਇਮਤਿਹਾਨ ਫੀਸ ਵਧਾਉਣ ਕਾਰਨ ਵਿਦਿਆਰਥੀਆਂ ’ਚ ਰੋਹ
ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਇਮਤਿਹਾਨ ਦੇ ਦਿੱਤੇ ਜਾਣ ਵਾਲੇ ‘ਸਪੈਸ਼ਲ ਚਾਂਸ’ ਦੀ ਫੀਸ ਵਧਾਏ ਜਾਣ ਕਾਰਨ ਵਿਦਿਆਰਥੀਆਂ ’ਚ ਭਾਰੀ ਰੋਹ ਪੈਦਾ ਹੋ ਗਿਆ ਹੈ। ਵਧਾਈ ਗਈ ਫੀਸ ਘਟਾਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਇਕ ਵਫ਼ਦ ਨੇ ਅੱਜ ਸੀਡੀਐੱਲਯੂ ਦੇ ਵਾਈਸ ਚਾਂਸਲਰ ਨੂੰ ਮੰਗ ਪੱਤਰ ਸੌਂਪਿਆ। ਵੀਸੀ ਵੱਲੋਂ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਵਧਾਈ ਗਈ ਫੀਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ। ਵਿਦਿਆਰਥੀ ਆਗੂ ਵਿਜੇ ਅਰੋੜਾ, ਰਾਜਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਦੱਸਿਆ ਹੈ ਕਿ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਇਮਤਿਹਾਨ ਦਾ ਸਪੈਸ਼ਲ ਚਾਂਸ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਸਪੈਸ਼ਲ ਚਾਂਸ ਦਿੱਤੇ ਜਾਣ ਦੀ ਫੀਸ 750 ਰੁਪਏ ਸੀ ਜਿਸ ਨੂੰ ਹੁਣ ਵੱਧ ਤੇ 8000 ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਟੀ ’ਚ ਬਹੁਤ ਸਾਰੇ ਵਿਦਿਆਰਥੀ ਐੱਸਸੀ/ਐੱਸਟੀ ਅਤੇ ਬੀਸੀ ਵਰਗ ਨਾਲ ਸਬੰਧਤ ਹਨ ਜੋ ਆਪਣੀ ਪੜ੍ਹਾਈ ਮਿਲਣ ਵਾਲੇ ਵਜੀਫੇ ਦੇ ਜਰੀਏ ਕਰ ਰਹੇ ਹਨ। ਹੁਣ ਯੂਨੀਵਰਸਿਟੀ ਵੱਲੋਂ ਸਪੈਸ਼ਲ ਚਾਂਸ ਦੀ ਫੀਸ ਕਈ ਗੁਣਾ ਵਧਾ ਦਿੱਤੀ ਗਈ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਸਪੈਸ਼ਲ ਚਾਂਸ ਲੈਣਾ ਔਖਾ ਹੋ ਜਾਵੇਗਾ।