ਵਿਦਿਆਰਥੀ ਖ਼ੁਦਕੁਸ਼ੀ: ਪਰਿਵਾਰ ਵੱਲੋਂ ਇਨਸਾਫ਼ ਲਈ ਮੁਜ਼ਾਹਰਾ
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮੰਗੀ; ਆਲ ਇੰਡੀਆ ਰਾਏ ਸਿੱਖ ਫਾੳੂਂਡੇਸ਼ਨ ਦੇ ਪ੍ਰਧਾਨ ਨੇ ਕੀਤੀ ਸ਼ਮੂਲੀਅਤ
ਨਜ਼ਦੀਕੀ ਪਿੰਡ ਠੂਠਗੜ੍ਹ ਦੇ ਸਕੂਲੀ ਵਿਦਿਆਰਥੀ ਜਸ਼ਨਦੀਪ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਅੱਜ ਭੋਡੀਪੁਰ ਦੀ ਅਨਾਜ ਮੰਡੀ ਵਿੱਚ ਪਰਿਵਾਰ ਵੱਲੋਂ ਇਕੱਠ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿਚ ਆਲ ਇੰਡੀਆ ਰਾਏ ਸਿੱਖ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਫੌਜੀ ਅੰਗਰੇਜ਼ ਸਿੰਘ। ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਸੂਬਾ ਪ੍ਰਧਾਨ ਬਲਜੀਤ ਸਿੰਘ ਸਰਾਰੀ, ਉਪ ਪ੍ਰਧਾਨ ਜਸਵੀਰ ਸਿੰਘ ਵੜਵਲ ਅਤੇ ਸਕੱਤਰ ਗੁਰਚਰਨ ਸਿੰਘ ਵੜਵਲ ਸਮੇਤ ਵੱਡੀ ਗਿਣਤੀ ਲੋਕ ਸ਼ਾਮਲ ਹੋਏ।
ਬਲਜੀਤ ਸਿੰਘ ਸਰਾਰੀ ਨੇ ਦੱਸਿਆ ਕਿ ਲੰਘੀ ਸ਼ਾਮ ਜਥੇਬੰਦੀ ਅਤੇ ਪਰਿਵਾਰ ਵੱਲੋਂ ਇਨਸਾਫ਼ ਲਈ ਮੋਮਬੱਤੀ ਮਾਰਚ ਕੱਢਿਆ ਜਾਣਾ ਸੀ ਜਿਸ ਨੂੰ ਪੁਲੀਸ ਵੱਲੋਂ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਸ਼ਨਦੀਪ ਦੀ ਮੌਤ ਲਈ ਜ਼ਿੰਮੇਵਾਰ ਸਕੂਲ ਦੇ ਅਧਿਆਪਕਾਂ ਨੂੰ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲੀਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਹੈ। ਇਸ ਨੂੰ ਲੈ ਕੇ ਪਰਿਵਾਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪੁਲੀਸ ਅਧਿਆਪਕਾਂ ਨੂੰ ਮਾਮਲਾ ਦਰਜ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕਥਿਤ ਤੌਰ ’ਤੇ ਬਚਾਉਣ ਵਿਚ ਲੱਗੀ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਅਜੈ ਗਾਂਧੀ ਨੇ ਪਰਿਵਾਰ ਨੂੰ ਆਉਣ ਵਾਲੇ ਕੱਲ੍ਹ ਨੂੰ ਆਪਣੇ ਦਫ਼ਤਰ ਬੁਲਾਇਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਸਰਕਾਰੀ ਸਕੂਲ ਕਮਾਲਕੇ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ 23 ਅਗਸਤ ਨੂੰ ਸਕੂਲ ਤੋਂ ਘਰ ਆਉਣ ਤੋਂ ਪਹਿਲਾਂ ਕੀਟਨਾਸ਼ਕ ਦਵਾਈ ਨਿਗਲ ਲਈ ਸੀ। ਲਗਪਗ 25 ਦਿਨ ਉਸ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚਲਦਾ ਰਿਹਾ ਪਰ ਡਾਕਟਰ ਉਸਨੂੰ ਬਚਾਅ ਨਾ ਸਕੇ। ਵਿਦਿਆਰਥੀ ਦੇ ਪਿਤਾ ਕੁਲਵਿੰਦਰ ਸਿੰਘ ਨੇ ਸਕੂਲ ਦੇ ਅੱਧੀ ਦਰਜਨ ਅਧਿਆਪਕਾਂ ਉੱਤੇ ਉਸਦੀ ਕੁੱਟਮਾਰ ਕਰਨ ਅਤੇ ਮਾਨਸਿਕ ਤਸ਼ੱਦਦ ਦੇ ਦੋਸ਼ ਲਾਏ ਸਨ। ਹਾਲਾਂਕਿ ਪ੍ਰਿੰਸੀਪਲ ਅਤੇ ਅਧਿਆਪਕ ਇਸ ਸਭ ਤੋਂ ਇਨਕਾਰੀ ਸਨ। ਪਰਿਵਾਰ ਨੇ ਅਧਿਆਪਕਾਂ ਉੱਤੇ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਮੋਗਾ ਜਲੰਧਰ ਹਾਈਵੇਅ ਵੀ ਜਾਮ ਕੀਤਾ ਸੀ। ਇਸ ਤੋਂ ਬਾਅਦ ਪ੍ਰਿੰਸੀਪਲ ਸਮੇਤ 6 ਅਧਿਆਪਕਾਂ ਉੱਤੇ ਮਾਮਲਾ ਦਰਜ ਹੋਇਆ ਸੀ। ਹੁਣ ਪਰਿਵਾਰ ਨੇ ਮੁੜ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਉੱਤੇ ਸੁਆਲ ਚੁੱਕੇ ਹਨ।