ਨਗਰ ਸੁਧਾਰ ਟਰੱਸਟ ਖ਼ਿਲਾਫ਼ ਨਿੱਤਰੇ ਵਿਦਿਆਰਥੀ
ਸਕੂਲ ਦੇ ਗੇਟ ਅੱਗੇ ਪਖਾਨੇ ਬਣਾਉਣ ਦਾ ਵਿਰੋਧ; ਪ੍ਰਸ਼ਾਸਨ ਵੱਲੋਂ ਮਸਲਾ ਹੱਲ ਕਰਨ ਦਾ ਭਰੋਸਾ
ਇੱਥੋਂ ਦੇ ਖਾਲਸਾ ਸਕੂਲ ਦੇ ਗੇਟ ਅੱਗੇ ਨਗਰ ਸੁਧਾਰ ਟਰੱਸਟ ਵੱਲੋਂ ਜਨਤਕ ਪਖਾਨੇ ਬਣਾਉਣ ਦੇ ਰੋਸ ਵਜੋਂ ਅੱਜ ਸੈਂਕੜੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਧਰਨਾ ਦਿੱਤਾ। ਉਨ੍ਹਾਂ ਆਪਣੀ ਮੰਗ ਮਨਵਾਉਣ ਲਈ ਸ਼ਹਿਰ ਦੇ ਮੁੱਖ ਚੌਕ ਵਿੱਚ ਜਾਮ ਲਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਹਰਵੀਰ ਕੌਰ ਗੰਧੜ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਹਰਦੀਪ ਸਿੰਘ, ਡਾ. ਕੁਲਵਿੰਦਰ ਸਿੰਘ ਅਤੇ ਜਸਮੀਤ ਸਿੰਘ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਜਿੱਥੇ ਜਨਤਕ ਪਖਾਨੇ ਬਣਾਏ ਜਾ ਰਹੇ ਹਨ, ਉਸ ਦਰਵਾਜ਼ੇ ਵਿੱਚੋਂ ਹਰ ਰੋਜ਼ ਹਜ਼ਾਰਾਂ ਵਿਦਿਆਰਥਣਾਂ ਸਕੂਲ ਪੜ੍ਹਨ ਲਈ ਆਉਂਦੀਆਂ ਹਨ ਅਤੇ ਇਹ ਮਾਮਲਾ ਟਰੱਸਟ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਪਰੰਤੂ ਇਸ ਦੇ ਬਾਵਜੂਦ ਟਰੱਸਟ ਨੇ ਵਿਦਿਆਰਥਣਾਂ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ। ਹਰਵੀਰ ਕੌਰ ਗੰਧੜ ਨੇ ਕਿਹਾ ਕਿ ਇਸ ਥਾਂ ’ਤੇ ਜਨਤਕ ਪਖਾਨੇ ਨਹੀਂ ਬਣਾਉਣ ਦਿੱਤੇ ਜਾਣਗੇ ਕਿਉਂਕਿ ਇਹ ਥਾਂ ਗ੍ਰੀਨ ਜ਼ੋਨ ਲਈ ਰਾਖਵੀਂ ਹੈ। ਧਰਨੇ ਤੋਂ ਬਾਅਦ ਵਿਦਿਆਰਥਣਾਂ ਨੇ ਕੋਤਵਾਲੀ ਚੌਕ ਵਿੱਚ ਚੱਕਾ ਜਾਮ ਕਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਵਾਪਸ ਨਹੀਂ ਲੈਣਗੇ। ਮੌਕੇ ’ਤੇ ਪੁੱਜੇ ਤਹਿਸੀਲਦਾਰ ਅਰਸ਼ਵੀਰ ਸਿੰਘ ਅਤੇ ਡੀ ਐੱਸ ਪੀ ਤਿਰਲੋਚਨ ਸਿੰਘ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਅੰਦੋਲਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਸੋਮਵਾਰ ਤੱਕ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ। ਧਰਨਾਕਾਰੀਆਂ ਨੇ ਭਰੋਸੇ ਤੋਂ ਬਾਅਦ ਸੋਮਵਾਰ ਤੱਕ ਆਪਣਾ ਅੰਦੋਲਨ ਮੁਅੱਤਲ ਕਰ ਦਿੱਤਾ ਹੈ।

