ਪਰਾਲੀ ਦੀ ਸਮੱਸਿਆ ਦੇ ਹੱਲ ਲਈ ਪਿੰਡ ਚੰਨਣਵਾਲ ਦੀ ਪੰਚਾਇਤ ਨੇ ਮਿਸਾਲੀ ਪਹਿਲ ਕੀਤੀ ਹੈ। ਇਸ ਤਹਿਤ 13 ਏਕੜ ਪੰਚਾਇਤੀ ਜ਼ਮੀਨ ’ਚ ਪਰਾਲੀ ਲਈ ਡੰਪ ਸਾਈਟ ਬਣਾਇਆ ਗਿਆ ਹੈ, ਜਿੱਥੇ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੀ ਪਰਾਲੀ ਦਾ ਢੇਰ ਲਾਇਆ ਜਾ ਰਿਹਾ ਹੈ।
ਸਰਪੰਚ ਕੁਲਵਿੰਦਰ ਕੌਰ ਅਤੇ ਸਮਾਜ ਸੇਵੀ ਗੁਰਜੰਟ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਡੰਪ ਬਣਾਇਆ ਗਿਆ ਹੈ ਤਾਂ ਜੋ ਪਰਾਲੀ ਨੂੰ ਸਾਂਭ ਕੇ ਵਰਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਡੰਪ ਵਿੱਚ ਪਿੰਡ ਚੰਨਣਵਾਲ, ਗਹਿਲ, ਰਾਏਸਰ ਅਤੇ ਬੀਹਲਾ ਸਮੇਤ ਹੋਰ ਪਿੰਡਾਂ ਦੇ ਕਿਸਾਨ ਆਪਣੀ ਪਰਾਲੀ ਇਕੱਠੀ ਕਰ ਸਕਣਗੇ। ਇਸ ਪਰਾਲੀ ਨੂੰ ਸੀ ਬੀ ਸੀ ਗੈਸ ਯੂਨਿਟਾਂ ਅਤੇ ਪਾਵਰ ਪਲਾਂਟਾਂ ’ਚ ਊਰਜਾ ਉਤਪਾਦਨ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਹਵਾ ਪ੍ਰਦੂਸ਼ਣ ’ਚ ਕਮੀ, ਖੇਤਾਂ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਵੇਗਾ ਅਤੇ ਵਾਤਾਵਰਨ ਦੀ ਸੰਭਾਲ ਹੋਵੇਗੀ।
ਇਸ ਮੌਕੇ ਬਾਬਾ ਯਾਦਵਿੰਦਰ ਸਿੰਘ, ਕੁਲਵੀਰ ਸਿੰਘ ਗਿੱਲ, ਬਲਵਿੰਦਰ ਸਿੰਘ ਫੌਜੀ ਅਤੇ ਬਲਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਪ੍ਰਾਜੈਕਟ ਸਿਰਫ਼ ਪਿੰਡ ਚੰਨਣਵਾਲ ਲਈ ਹੀ ਨਹੀਂ, ਸਗੋਂ ਸਾਰੇ ਇਲਾਕੇ ਦੀਆਂ ਪੰਚਾਇਤਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੈ। ਉਨ੍ਹਾਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਡੰਪ ਵਿੱਚ ਇਕੱਠੀ ਕਰਕੇ ਭੇਜਣ, ਤਾਂ ਜੋ ਪ੍ਰਦੂਸ਼ਣ-ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।

