ਪਰਾਲੀ ਪ੍ਰਬੰਧਨ ਨੇ ਰੁਜ਼ਗਾਰ ਦੇ ਦਰਵਾਜ਼ੇ ਖੋਲ੍ਹੇ
40 ਜਣਿਆਂ ਨੂੰ ਰੁਜ਼ਗਾਰ ਦੇ ਰਿਹੈ ਪੋਹਡ਼ਕਾ ਦਾ ਨਿਰਮਲ; ਰੋਜ਼ਾਨਾ ਢਾਈ ਸੌ ਏਕਡ਼ ਪਰਾਲੀਆਂ ਦੀਆਂ ਬਣਾਉਂਦੈ ਗੱਠਾਂ
ਪਿੰਡ ਪੋਹੜਕਾ ਦਾ ਕਿਸਾਨ ਨਿਰਮਲ ਧਾਲੀਵਾਲ ਪਰਾਲੀ ਪ੍ਰਬੰਧਨ ਰਾਹੀਂ 40 ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ। ਨਿਰਮਲ ਨੇ 2018 ਵਿੱਚ ਪਰਾਲੀ ਦੀਆਂ ਗੱਠਾਂ ਬਣਾਉਣਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਲਗਪਗ ਅੱਠ ਹਜ਼ਾਰ ਏਕੜ ਤੋਂ ਪਰਾਲੀ ਦਾ ਪ੍ਰਬੰਧਨ ਕਰਕੇ ਪਸ਼ੂਆਂ ਲਈ ਤੂੜੀ ਤਿਆਰ ਕਰ ਰਿਹਾ ਹੈ। ਨਿਰਮਲ ਸਿੰਘ ਕੋਲ ਹੁਣ ਤਿੰਨ ਵੱਡੇ ਰਾਊਂਡ ਬੇਲਰ ਹਨ ਜੋ ਇੱਕ ਦਿਨ ਵਿੱਚ ਢਾਈ ਸੌ ਏਕੜ ਜ਼ਮੀਨ ਵਿੱਚੋਂ ਪਰਾਲੀ ਇਕੱਠੀ ਕਰਦੇ ਹਨ ਅਤੇ ਗੱਠਾਂ ਬਣਾਉਂਦੇ ਹਨ। ਫਿਰ ਉਹ ਇਨ੍ਹਾਂ ਗੱਠਾਂ ਨੂੰ ਛੋਟੀਆਂ ਗੱਠਾਂ ਬਣਾਉਣ ਲਈ ਮਸ਼ੀਨਾਂ ਵਿੱਚ ਦੁਬਾਰਾ ਪ੍ਰੋਸੈਸ ਕਰਕੇ ਪਸ਼ੂਆਂ ਲਈ ਪਰਾਲੀ ਦੀ ਤੂੜੀ ਬਣਾਉਂਦਾ ਹੈ ਜਿਥੇ ਤੂੜੀ ਦੀ ਘਾਟ ਪੂਰੀ ਹੋ ਰਹੀ ਹੈ ਉੱਥੇ ਹੀ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। 42 ਸਾਲਾ ਨਿਰਮਲ ਧਾਲੀਵਾਲ ਨੇ ਦੱਸਿਆ ਕਿ ਜ਼ਿਆਦਾਤਰ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਣ ਵਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਪਰਾਲੀ ਦੇ ਸੁਚੱਜੇ ਪ੍ਰਬੰਧਨ ਨਾਲ ਉਹ ਜਿੱਥੇ ਵਾਤਾਵਰਨ ਸੰਭਾਲ ਵਿੱਚ ਯੋਗਦਾਨ ਪਾ ਰਹੇ ਹਨ ਉੱਥੇ ਹੀ 40 ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੇ ਹਨ। ਉਹ ਪਰਾਲੀ ਤੋਂ ਬਣੀ ਤੂੜੀ ਨੂੰ ਗੁਜਰਾਤ ਅਤੇ ਰਾਜਸਥਾਨ ਦੀਆਂ ਗਊਸ਼ਾਲਾਵਾਂ ਵਿੱਚ ਭੇਜਦੇ ਹਨ। ਉਹ ਆਪਣੀ ਵੀ 20 ਏਕੜ ਜ਼ਮੀਨ ਤੇ ਝੋਨਾ ਲਗਾਉਂਦੇ ਹਨ ਅਤੇ ਪਰਾਲੀ ਦਾ ਪ੍ਰਬੰਧਨ ਕਰਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੁਆਰਾ ਨਿਰਮਲ ਧਾਲੀਵਾਲ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ ਹੈ। ਉਸ ਨੇ 2018 ਵਿੱਚ ਇੱਕ ਬੇਲਰ ਖਰੀਦਿਆ ਜੋ ਇੱਕ ਦਿਨ ਵਿੱਚ 20 ਏਕੜ ਤੋਂ ਪਰਾਲੀ ਇਕੱਠੀ ਕਰ ਸਕਦਾ ਸੀ। ਹੁਣ ਉਹ ਇੱਕ ਦਿਨ ਵਿੱਚ 250 ਏਕੜ ਪਰਾਲੀ ਦੀਆਂ ਗੱਠਾਂ ਬਣਾ ਕੇ ਚੰਗੀ ਕਮਾਈ ਕਰ ਰਿਹਾ ਹੈ।

