ਪਰਾਲੀ ਪ੍ਰਬੰਧਨ: ਡੀ ਸੀ ਨੇ ਚੰਨਣਵਾਲ ਡੰਪ ਦਾ ਦੌਰਾ ਕੀਤਾ
ਜ਼ਿਲ੍ਹੇ ’ਚ 85 ਬੇਲਰ ਬਣਾ ਰਹੇ ਹਨ ਪਰਾਲੀ ਦੀਆਂ ਗੱਠਾਂ: ਬੈਨਿਥ
ਪੰਜਾਬ ਸਰਕਾਰ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੇ ਵਾਤਾਵਰਨ ਦੀ ਸੰਭਾਲ ਯਕੀਨੀ ਬਣਾਉਣ ਲਈ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਸਬੰਧੀ ਅਣਥੱਕ ਯਤਨ ਕੀਤੇ ਹਨ। ਜ਼ਿਲ੍ਹੇ ਵਿੱਚ ਇਸ ਵੇਲੇ 85 ਬੇਲਰ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਨ ਲਈ ਕੰਮ ਕਰ ਰਹੇ ਹਨ ਤਾਂ ਜੋ 14 ਡੰਪ ਸਾਈਟਾਂ ’ਤੇ ਪਰਾਲੀ ਸਟੋਰ ਕੀਤੀ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਪਿੰਡ ਚੰਨਣਵਾਲ ਵਿਚ ਪਰਾਲੀ ਡੰਪ ਦਾ ਦੌਰਾ ਕਰਦਿਆਂ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵੇਲੇ 85 ਬੇਲਰ ਝੋਨੇ ਦੀਆਂ ਗੱਠਾਂ ਬਣਾਉਣ ਦਾ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਗੱਠਾਂ ਨੂੰ 14 ਡੰਪਿੰਗ ਸਾਈਟਾਂ ’ਤੇ ਸਟੋਰ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਬਰਨਾਲਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਡੰਪ ਸਥਾਪਿਤ ਕੀਤੇ ਹਨ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਡੰਪ ਸਾਈਟਾਂ ਨਾਲ ਵੀ ਤਾਲਮੇਲ ਬਣਾਇਆ ਹੈ। ਉਨ੍ਹਾਂ ਕਿਹਾ ਕਿ 14 ਡੰਪਿੰਗ ਸਾਈਟਾਂ ਵਿੱਚ ਪਿੰਡ ਚੰਨਣਵਾਲ ਤੋਂ ਇਲਾਵਾ ਹੰਢਿਆਇਆ, ਤਾਜੋਕੇ, ਰੁੜੇਕੇ ਖੁਰਦ, ਹਰੀਗੜ੍ਹ, ਕੋਟਦੁੰਨਾ, ਧੌਲਾ, ਗਿੱਲ ਕੋਠੇ, ਭਦੌੜ, ਗਹਿਲ, ਭੈਣੀ ਜੱਸਾ, ਨਾਈਵਾਲਾ ਰੋਡ, ਜੋਗਾ ਜ਼ਿਲ੍ਹਾ ਮਾਨਸਾ ਅਤੇ ਪੰਜਗਰਾਈਂ ਜ਼ਿਲ੍ਹਾ ਸੰਗਰੂਰ ਸ਼ਾਮਲ ਹਨ। ਇਸ ਮੌਕੇ ਸਮਾਜ ਸੇਵੀ ਗੁਰਜੰਤ ਸਿੰਘ ਧਾਲੀਵਾਲ ਸਾਬਕਾ ਸਰਪੰਚ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਸੈਮੀਨਾਰ
ਰੂੜੇਕੇ ਕਲਾਂ (ਪੱਤਰ ਪ੍ਰੇਰਕ): ਕ੍ਰਿਸ਼ੀ ਵਿਗਿਆਨ ਕੇਂਦਰ ਹੰਢਿਆਇਆ ਵੱਲੋਂ ਪਿੰਡ ਧੂਰਕੋਟ ਵਿੱਚ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਸੈਮੀਨਾਰ ਕਰਵਾਇਆ ਗਿਆ। ਡਾ. ਰਾਜਬੀਰ ਸਿੰਘ ਡਿਪਟੀ ਡਾਇਰੈਕਟਰ ਜਨਰਲ, ਆਈ ਸੀ ਏ ਆਰ ਨਵੀਂ ਦਿੱਲੀ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਸਬਸਿਡੀ ’ਤੇ ਕਈ ਤਰ੍ਹਾਂ ਦੀ ਮਸ਼ੀਨਰੀ ਦਿੱਤੀ ਜਾ ਰਹੀ ਹੈ ਤੇ ਹੁਣ ਕਿਸਾਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਫਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਹਰ ਸਾਲ ਲਗਪਗ 25-30 ਮੀਟ੍ਰਿਕ ਟਨ ਪਰਾਲੀ ਪੈਦਾ ਕਰਦਾ ਹੈ ਅਤੇ ਇਸ ਨੂੰ ਸਾੜਨ ਨਾਲ ਵੱਡੀ ਮਾਤਰਾ ਵਿੱਚ ਪੌਸ਼ਟਿਕ ਤੱਤ ਗੁਆਏ ਜਾ ਰਹੇ ਹਨ ਜੋ ਮਿੱਟੀ ਦੀ ਉਪਜਾਊ ਸ਼ਕਤੀ ਲਈ ਬਹੁਤ ਲਾਭਦਾਇਕ ਹਨ।

