ਪਰਾਲੀ ਮਾਮਲਾ: ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨਗੇ ਕਿਸਾਨ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਤਿੰਨ ਪਿੰਡਾਂ ਵਿੱਚ ਕੀਤੀਆਂ ਰੈਲੀਆਂ
ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਨਸਾ ਜ਼ਿਲ੍ਹੇ ਤਿੰਨ ਪਿੰਡਾਂ ਗੁਰਨੇ ਖੁਰਦ, ਦਿਆਲਪੁਰਾ ਅਤੇ ਹਸਨਪੁਰ ਵਿੱਚ ਰੈਲੀਆਂ ਕੀਤੀਆਂ ਗਈਆਂ, ਜਿਸ ਦੌਰਾਨ ਪਰਾਲੀ ਦੇ ਪ੍ਰਬੰਧਨ ਵਿੱਚ ਆ ਰਹੀਆਂ ਮੁਸ਼ਕਲਾਂ ਹੱਲ ਲਈ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਗਿਆ।
ਜਥੇਬੰਦੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਭਾਵੇਂ ਪਰਾਲੀ ਨੂੰ ਸਮੇਟਣ ਲਈ ਸੰਦ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਹੀ ਹੈ, ਪਰ ਜ਼ਿਲ੍ਹੇ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਤਕਰੀਬਨ ਅੱਧਾ ਰਕਬਾ ਝੋਨੇ ਦੀ ਵਾਢੀ ਹੋ ਚੁੱਕੀ ਹੈ ਅਤੇ ਖੇਤਾਂ ਵਿੱਚ ਪਰਾਲੀ ਜਿਉਂ ਦੀ ਤਿਉਂ ਹੈ, ਪਰ ਸਰਕਾਰ ਦੁਆਰਾ ਮੁਹੱਈਆ ਕਰਵਾਈ ਮਸ਼ੀਨਰੀ ਆਟੇ ਵਿੱਚ ਲੂਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਿੰਡ ਵਿੱਚ ਗੱਠਾਂ ਬਣਾਈਆਂ ਜਾ ਰਹੀਆਂ ਹਨ ਤਾਂ ਉਸ ਨੂੰ ਚੁਕਾਈ ਦੇ ਬਦਲੇ ਕਿਸਾਨਾਂ ਤੋਂ ਭਾਰੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਦਾ ਸਮਾਂ ਨਜ਼ਦੀਕ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਬੇਚੈਨੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਸਲੇ ਦੇ ਹੱਲ ਸਬੰਧੀ ਪੂਰੀ ਤਰ੍ਹਾਂ ਚੁੱਪ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਅੱਜ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਚੁਕਾਈ ਸਬੰਧੀ, ਭਾਕਿਯੂ (ਏਕਤਾ) ਡਕੌਂਦਾ ਦਾ ਜ਼ਿਲ੍ਹਾ ਕਮੇਟੀ ਵਫ਼ਦ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਦੱਸਣ ਮੁਤਾਬਕ ਜ਼ਿਲ੍ਹੇ ਭਰ ਵਿੱਚ ਬੇਲਰਾਂ ਦੀ ਗਿਣਤੀ ਰਕਬੇ ਦੀ ਸਮਰੱਥਾ ਅਨੁਸਾਰ ਨਿਗੂਣੀ ਹੈ, ਪਰ ਉਨ੍ਹਾਂ ਬਾਹਰੋਂ ਬੇਲਰ ਮੰਗਵਾ ਕੇ ਇਸ ਮਸਲੇ ਦੇ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਥੇਬੰਦੀ, ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਭਰੋਸੇ ਉੱਤੇ ਪਾਬੰਦ ਹੈ, ਪਰ ਜੇਕਰ ਕਿਸਾਨਾਂ ਦੀ ਪਰਾਲੀ ਦਾ ਪ੍ਰਸ਼ਾਸਨ ਵੱਲੋਂ ਫੌਰੀ ਪ੍ਰਬੰਧ ਨਹੀਂ ਕੀਤਾ ਜਾਂਦਾ ਅਤੇ ਉਲਟਾ ਕਿਸਾਨਾਂ ਉੱਤੇ ਭਾਰੀ ਜੁਰਮਾਨੇ ਅਤੇ ਗ੍ਰਿਫ਼ਤਾਰੀਆਂ ਕੀਤੀਆਂ ਜਾਂਦੀਆਂ ਹਨ ਤਾਂ ਜਥੇਬੰਦੀ ਇਸ ਦਾ ਡਟਵਾ ਵਿਰੋਧ ਕਰੇਗੀ। ਇਸ ਮੌਕੇ ਦਰਸ਼ਨ ਸਿੰਘ ਗੁਰਨੇ, ਸੱਤਪਾਲ ਸਿੰਘ ਬਰੇ, ਜਗਜੀਵਨ ਸਿੰਘ ਹਸਨਪੁਰ, ਬਲਜੀਤ ਸਿੰਘ ਭੈਣੀਬਾਘਾ, ਗੁਰਸੇਵਕ ਸਿੰਘ ਖਿਆਲਾ ਨੇ ਵੀ ਸੰਬੋਧਨ ਕੀਤਾ।

