ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਭੁੱਖ ਹੜਤਾਲ ਸ਼ੁਰੂ
ਪਰਿਵਾਰਾਂ ਨੇ ਸੰਭਾਲਿਆ ਮੋਰਚਾ; ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਜਲਾਲਾਬਾਦ ਦੀ ਅਨਾਜ ਮੰਡੀ ਵਿੱਚ ਰੇਹੜੀ-ਫੜ੍ਹੀ ਵਾਲਿਆਂ ਲਈ ਬਣੇ ਸ਼ੈੱਡ ਵਿੱਚੋਂ ਜਬਰੀ ਰੇੜ੍ਹੀਆਂ ਚੁਕਵਾਉਣ ਦੇ ਰੋਸ ਵਜੋਂ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਅਗਵਾਈ ਵਿੱਚ ਪਿਛਲੇ ਛੇ ਦਿਨਾਂ ਤੋਂ ਚੱਲ ਰਹੇ ਸੰਘਰਸ਼ ਭਖ਼ ਗਿਆ ਹੈ। ਆਗੂਆਂ ਦੀ ਬੀਤੇ ਦਿਨ ਹੋਈ ਮੀਟਿੰਗ ਵਿੱਚ ਫ਼ੈਸਲਾ ਲੈਂਦਿਆਂ ਅੱਜ ਤੋਂ ਰੇਹੜੀ-ਫੜ੍ਹੀ ਵਾਲਿਆਂ ਦੇ ਬਣਦੇ ਹੱਕ ਦਿਵਾਉਣ ਲਈ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅੱਜ ਸ੍ਰੀਮਤੀ ਸ਼ਾਨੀਆ, ਕਸ਼ਮੀਰਾ ਬਾਈ, ਸੁਮਿੱਤਰਾ ਰਾਣੀ, ਸੁਨੀਤਾ ਰਾਣੀ, ਛਿੰਦਰ ਕੌਰ, ਕਰਨ ਸਿੰਘ, ਰਾਹੁਲ, ਕਰਨੈਲ ਸਿੰਘ, ਲਾਲ ਸਿੰਘ, ਦਰਸ਼ਨ ਸਿੰਘ ਅਤੇ ਹਰਜੀਤ ਕੌਰ ਢੰਡੀਆਂ ਭੁੱਖ ਹੜਤਾਲ ’ਤੇ ਬੈਠੇ।
ਸੀਪੀਆਈ ਦੇ ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ, ਬਲਾਕ ਸਕੱਤਰ ਕਾਮਰੇਡ ਬਲਵੰਤ ਚੌਹਾਣਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੂਟਾ ਸਿੰਘ ਬੁਰਜ ਗਿੱਲ) ਜੋਗਾ ਸਿੰਘ ਭੋਡੀਪੁਰ, ਕ੍ਰਿਸ਼ਨ ਧਰਮੂ ਵਾਲਾ,ਤੇਜਾ ਸਿੰਘ ਅਮੀਰ ਖਾਸ, ਰੇੜ੍ਹੀ-ਫੜੀ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਤੇ ਬਲਵਿੰਦਰ ਮਹਾਲਮ ਨੇ ਹਾਰ ਪਹਿਨਾ ਕੇ ਭੁੱਖ ਹੜਤਾਲ਼ ਸ਼ੁਰੂ ਕਰਵਾਈ ਅਤੇ ਐਲਾਨ ਕੀਤਾ ਕਿ ਇਹ ਲਗਾਤਾਰ ਜਾਰੀ ਰਹੇਗੀ।
ਦੱਸ ਦਈਏ ਕਿ ਰੇਹੜੀ-ਫੜ੍ਹੀ ਵਾਲਿਆਂ ਦਾ ਰੋਸ ਪ੍ਰਦਰਸ਼ਨ ਪਿਛਲੇ ਛੇ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਪਹਿਲਾਂ ਇਸ ਸ਼ੈਡ ਦੇ ਥੱਲੇ ਰੇਹੜੀ-ਫੜ੍ਹੀ ਵਾਲੇ ਸਬਜ਼ੀ ਤੇ ਫ਼ਲ ਵੇਚਣ ਲਈ ਰੇੜ੍ਹੀਆਂ ਲਗਾ ਕੇ ਆਪਣਾ ਗੁਜ਼ਾਰਾ ਚਲਾਉਂਦੇ ਸਨ ਪਰ ਹੁਣ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਉਨ੍ਹਾਂ ਦਾ ਕੰਮ-ਕਾਜ ਪੂਰੀ ਤਰ੍ਹਾਂ ਠੱਪ ਹੈ। ਅੱਜ ਪਰਿਵਾਰਕ ਮਹਿਲਾਵਾਂ ਨੇ ਮੋਰਚਾ ਸੰਭਾਲਦਿਆਂ ਐਲਾਨ ਕੀਤਾ ਕਿ ਉਹ ਆਪਣੇ ਪਰਿਵਾਰ ਦੀ ਰੋਟੀ ਕਿਸੇ ਤਰ੍ਹਾਂ ਵੀ ਕਿਸੇ ਨੂੰ ਖੋਹਣ ਨਹੀਂ ਦੇਣਗੇ ਅਤੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਵਿੱਚ ਬਰਾਬਰ ਖੜ੍ਹ ਕੇ ਪਹਿਰਾ ਦੇਣਗੀਆਂ।