ਅਦਾਲਤੀ ਹੁਕਮਾਂ ਮਗਰੋਂ ਗਲੀ ਬਣਾਉਣ ਦਾ ਕੰਮ ਸ਼ੁਰੂ
ਸਰਕਾਰਾਂ ਵੱਲੋਂ ਭਾਵੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ਤੇ ਸਥਿਤੀ ਅੱਜ ਵੀ ਚਿੰਤਾਜਨਕ ਬਣੀ ਹੋਈ ਹੈ। ਅਜਿਹਾ ਹੀ ਇੱਕ ਮਾਮਲਾ ਚੌਪਟਾ ਬਲਾਕ ਦੇ ਪਿੰਡ ਰਾਮਪੁਰਾ ਬਗੜੀਆ ਵਿੱਚ ਸਾਹਮਣੇ ਆਇਆ ਹੈ, ਜਿੱਥੇ 62 ਲੱਖ 35 ਹਜ਼ਾਰ ਰੁਪਏ ਦੀ ਲਾਗਤ ਨਾਲ ਹਰਿਆਣਾ ਪੇਂਡੂ ਵਿਕਾਸ ਫੰਡ ਯੋਜਨਾ ਤਹਿਤ ਬਣਾਈ ਜਾ ਰਹੀ ਇੰਟਰਲਾਕਿੰਗ ਟਾਈਲ ਗਲੀ ਵਿੱਚ ਵੱਡੀਆਂ ਬੇਨਿਯਮੀਆਂ ਦਾ ਪਰਦਾਫਾਸ਼ ਹੋਇਆ ਹੈ। ਪਿੰਡ ਵਾਸੀਆਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸਦਾ ਕੋਈ ਨੋਟਿਸ ਨਹੀਂ ਲਿਆ। ਜਿਸ ਕਾਰਨ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਸਤਪਾਲ ਸਿੰਘ, ਅਮਿਤ ਕੁਮਾਰ, ਸੰਦੀਪ ਕੁਮਾਰ ਅਤੇ ਰਾਜਿੰਦਰ ਸਿੰਘ ਵੱਲੋਂ ਏਸੀਜੇ ਸੰਤੋਸ਼ ਬਗੋਟੀਆ ਦੀ ਅਦਾਲਤ ਵਿੱਚ ਦਾਇਰ ਕੀਤੇ ਗਏ ਕੇਸ ਤੋਂ ਬਾਅਦ ਅਦਾਲਤ ਨੇ ਠੇਕੇਦਾਰ ਪ੍ਰਮੋਦ, ਕਾਰਜਕਾਰੀ ਇੰਜੀਨੀਅਰ, ਐੱਸਡੀਓ ਅਨਿਲ ਕੁਮਾਰ ਅਤੇ ਜੇਈ ਪ੍ਰੇਮ ਸਿੰਘ ਨੂੰ ਸੰਮਨ ਜਾਰੀ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 25 ਸਤੰਬਰ ਨੂੰ ਤੈਅ ਕੀਤੀ ਗਈ ਹੈ। ਅਦਾਲਤ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਠੇਕੇਦਾਰ ਨੇ ਗਲੀ ਦੇ ਲਗਭੱਗ 900 ਫੁੱਟ ਏਰੀਏ ਵਿੱਚੋਂ ਇੰਟਰਲੌਕਿੰਗ ਟਾਈਲਾਂ ਪੁੱਟ ਕੇ ਉਸ ਨੂੰ ਦੁਬਾਰਾ ਦਰੁਸਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਵਿਭਾਗ ਦੇ ਜੇਈ ਗੌਰਵ ਭਾਰਦਵਾਜ ਨੇ ਮੰਨਿਆ ਕਿ ਗਲੀ ਬਣਾਉਣ ਸਮੇਂ ਕੁਝ ਕਮੀਆਂ ਸਨ ਅਤੇ ਹੁਣ ਉਨ੍ਹਾਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਠੇਕੇਦਾਰ ਨੂੰ ਭੁਗਤਾਨ ਨਹੀਂ ਕੀਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਪੱਧਰ ’ਤੇ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਪਰ ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਗਲੀ ਨਿਰਮਾਣ ਵਿੱਚ ਹੋਏ ਘਪਲੇ ਦਾ ਪਰਦਾਫਾਸ਼ ਹੋਇਆ ਹੈ।