ਖੰਨਾ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ; ਇਕੋ ਦਿਨ 20 ਜਣਿਆਂ ਨੂੰ ਵੱਢਿਆ
ਅਵਾਰਾ ਕੁੱਤਿਆਂ ਤੋਂ ਪਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਨੂੰ ਢੁੱਕਵੇ ਪ੍ਰਬੰਧ ਕਰਨ ਦੀ ਕੀਤੀ ਅਪੀਲ
ਸ਼ਹਿਰ ਵਿੱਚ ਅਵਾਰਾ ਕੁੱਤੇ ਲਗਾਤਾਰ ਦਹਿਸ਼ਤ ਦਾ ਕਾਰਨ ਬਣੇ ਹੋਏ ਹਨ। ਜਿਸ ਦੇ ਚਲਦਿਆਂ ਇੱਕ ਹੀ ਦਿਨ ਵਿਚ 17 ਬੱਚਿਆਂ ਸਮੇਤ 20 ਲੋਕਾਂ ਨੂੰ ਵੱਢ ਲਿਆ ਜੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਇਹ ਘਟਨਾਵਾਂ ਇਥੋਂ ਦੇ ਅਮਲੋਹ ਰੋਡ ’ਤੇ ਦੁਸਹਿਰਾ ਮੇਲਾ ਗਰਾਉਂਡ, ਗੁਲਮੋਹਰ ਨਗਰ, ਕ੍ਰਿਸ਼ਨਾ ਨਗਰ, ਅਜ਼ਾਦ ਨਗਰ ਅਤੇ ਸਬਜ਼ੀ ਮੰਡੀ ਇਲਾਕੇ ਵਿਚ ਵਾਪਰੀਆਂ। ਜਿਸ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਨ੍ਹਾਂ ਵਿਚੋਂ ਜ਼ਿਆਦਾਤਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਇਕ ਬੱਚੇ ਦੇ ਚਿਹਰੇ ’ਤੇ ਗੰਭੀਰ ਜ਼ਖ਼ਮ ਹੋਣ ਕਾਰਨ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਜਖ਼ਮੀਆਂ ਦੀ ਪਹਿਚਾਣ ਲੱਕੀ (6), ਨੀਨਾ (8), ਸੁਨੀਤਾ (1.5), ਕਾਰਤਿਕ (9), ਕਨ੍ਹਈਆ (1), ਰਣਵੀਰ (10), ਗੰਗਾ (12), ਹਾਰਦਿਕ (12), ਜਸਮੀਤ (10), ਰੀਵਾਨ (9), ਪ੍ਰਭਜੋਤ (5), ਕੇਸ਼ਵ (3), ਦੇਵ (10), ਅਜੈ (24), ਗੀਤਾ (47), ਪਰਮਜੀਤ (41), ਪਰਮਿੰਦਰ (51), ਮਨੀਸ਼ਾ (19) ਤੇ ਹੋਰਾਂ ਵਜੋਂ ਹੋਈ ਹੈ।
ਜੈਪੁਰ ਤੋਂ ਆਪਣੇ ਬੱਚਿਆਂ ਨਾਲ ਦੁਸਹਿਰਾ ਮੇਲੇ ’ਤੇ ਆਈ ਮੇਗੀ ਨੇ ਦੱਸਿਆ ਉਹ ਆਪਣੇ ਬੱਚਿਆਂ ਨਾਲ ਦੁਸਹਿਰਾ ਮੇਲੇ ਦੇ ਮੈਦਾਨ ’ਚ ਮੌਜੂਦ ਸੀ, ਜਦੋਂ ਇੱਕ ਕੁੱਤੇ ਨੇ ਉਸ ਦੇ ਪੁੱਤਰ ਲੱਕੀ ’ਤੇ ਹਮਲਾ ਕਰ ਦਿੱਤਾ।
ਜ਼ਖ਼ਮੀਆਂ ਦੇ ਪਰਿਵਾਰਕ ਮੈਬਰਾਂ ਰਾਕੇਸ਼ ਕੁਮਾਰ, ਕੇਵਲ ਸਿੰਘ ਤੇ ਵਿਪਨ ਕੁਮਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਕੁੱਤਿਆਂ ਦੇ ਆਤੰਕ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ।
ਇਸ ਮੌਕੇ ਸਿਵਲ ਹਸਪਤਾਲ ਦੇ ਐਸਐਮਓ ਡਾ. ਮਨਿੰਦਰ ਭਸੀਨ ਨੇ ਦੱਸਿਆ ਅੱਜ ਕੁੱਤਿਆਂ ਦੇ ਵੱਢਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜ਼ਖ਼ਮੀਆਂ ਦਾ ਸਿਵਲ ਹਸਪਤਾਲ ’ਚ ਇਲਾਜ ਉਪਰੰਤ ਮੁੱਢਲੀ ਸਹਾਇਤਾ ਅਤੇ ਟੀਕੇ ਲਾਏ ਗਏ ਹਨ।
ਇਸ ਸਬੰਧੀ ਐਸਡੀਐਮ ਡਾ.ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਨਗਰ ਕੌਂਸਲ ਦੀਆਂ ਟੀਮਾਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਵਧਾਨੀ ਵਜੋਂ ਆਪਣੇ ਬੱਚਿਆਂ ਦਾ ਧਿਆਨ ਰੱਖਣ।