ਪਰਾਲੀ ਪ੍ਰਬੰਧਨ: ਬੇਲਰ ਮਾਲਕਾਂ ਵੱਲੋਂ ਗੱਠਾਂ ਨਾ ਬਣਾਉਣ ਦੀ ਚਿਤਾਵਨੀ
ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੀਆਂ ਗੱਠਾਂ ਬਣਾਉਣ ਵਾਲਿਆਂ ਨੇ 26 ਸਤੰਬਰ ਨੂੰ ਜ਼ਿਲ੍ਹੇ ਵਿੱਚ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਹੈ। ਬੇਲਰ ਮਾਲਕ ਯੂਨੀਅਨ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀ ਬਿਲਕੁਲ ਮੁਫ਼ਤ ਵਿੱਚ ਸੇਵਾ ਕਰਦੇ ਹਨ, ਜਦੋਂ ਕਿ ਫੈਕਟਰੀ ਵਾਲਿਆਂ ਵੱਲੋਂ ਉਨ੍ਹਾਂ ਨੂੰ ਸਮੇਂ-ਸਿਰ ਭੁਗਤਾਨ ਕਰਨ ਦੇ ਨਾਲ-ਨਾਲ ਹੋ ਕਈ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਰਕੇ ਝੋਨੇ ਦੀ ਪਰਾਲੀ ਦੀ ਨਿਰਵਿਘਨ ਸੇਵਾ ਕਰਨ ਵੱਡੀ ਦਿੱਕਤ ਖੜ੍ਹੀ ਹੋਣ ਲੱਗੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਡਿਪਟੀ ਕਮਿਸ਼ਨਰ ਕੋਲ ਆਪਣਾ ਦੁੱਖ ਰੋਣ ਤੋਂ ਬਾਅਦ ਵੀ ਜਦੋਂ ਕੋਈ ਮਸਲੇ ਦਾ ਹੱਲ ਨਾ ਹੋਇਆ ਤਾਂ ਹੁਣ ਉਨ੍ਹਾਂ 26 ਸਤੰਬਰ ਨੂੰ ਜ਼ਿਲ੍ਹੇ ਵਿੱਚ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਹੈ।
ਬੇਲਰ ਮਾਲਕ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੈਕਟਰੀ ਵਾਲਿਆਂ ਵੱਲੋਂ ਪ੍ਰਤੀ ਕੁਇੰਟਲ 198 ਰੁਪਏ ਮਿਲਣੇ ਤਹਿ ਹੋਏ ਹਨ, ਜਦੋਂ ਕਿ ਫੈਕਟਰੀਆਂ ਦੇ ਪ੍ਰਬੰਧਕ ਪਰਾਲੀ ਦੇ ਸਿੱਲੀ ਹੋਣ ਕਾਰਨ ਉਸ ਦੀ ਕਾਟ ਕੱਟ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਤੋਂ ਕੋਈ ਪੈਸਾ ਨਹੀਂ ਲੈਂਦੇ ਹਨ ਅਤੇ ਪਲਾਂਟ ਵਾਲਿਆਂ ਦੀਆਂ ਮਨਮਾਨੀਆਂ ਤੋਂ ਦੁਖੀ ਹੋਏ ਪਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਲਾਂਟ ਵਾਲੇ ਨਮੀ ਦੀ ਆੜ ਵਿੱਚ ਉਨ੍ਹਾਂ ਕੋਲੋ ਕਾਟ ਜ਼ਿਆਦਾ ਕੱਟਦੇ ਹਨ, ਜੋ ਸਰਾਸਰ ਧੱਕਾ ਹੈ ਅਤੇ ਇਹ ਕਾਟ ਜਾਇਜ਼ ਕੱਟੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਲਾਟ ਵਾਲਿਆਂ ਨੇ ਬੇਲਰਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਨਾ ਦਿੱਤਾ ਤਾਂ ਮਜਬੂਰ ਹੋਕੇ ਬੇਲਰਾਂ ਨੂੰ ਚਾਲਕ ਬੰਦ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫੈਕਟਰੀ ਵਾਲਿਆਂ ਦੀਆਂ ਮਨਮਾਨੀਆਂ ਬੰਦ ਨਾ ਹੋਈਆਂ ਤਾਂ ਜ਼ਿਲ੍ਹੇ ਵਿੱਚ ਕੋਈ ਵੀ ਬੇਲਰ ਮਾਲਕ ਖੇਤਾਂ ਵਿੱਚ ਆਪਣਾ ਬੇਲਰ ਨਹੀਂ ਚਲਾਵੇਗਾ। ਇਸ ਮੌਕੇ ਲਾਭ ਸਿੰਘ ਘੁੰਮਣ,ਗੁਰਸੇਵਕ ਸਿੰਘ ਸਾਹਨੇਵਾਲੀ, ਰਮਨਦੀਪ ਸਿੰਘ, ਨਿਰਮਲ ਸਿੰਘ ਰੱਲਾ, ਸੁਖਵਿੰਦਰ ਸਿੰਘ ਤਾਲਵਾਲਾ, ਬੂਟਾ ਸਿੰਘ ਨੇ ਵੀ ਸੰਬੋਧਨ ਕੀਤਾ।