ਪੱਤਰ ਪ੍ਰੇਰਕ
ਮਾਨਸਾ, 10 ਅਪਰੈਲ
ਮਾਨਸਾ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਵੱਲੋਂ ਜ਼ਿਲ੍ਹੇ ਅੰਦਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਧੀਨ ਆਉਂਦੇ ਸਾਰੇ ਹਸਪਤਾਲਾਂ ਦੇ ਸਬੰਧਤ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਹਸਪਤਾਲ ਵਿੱਚ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਨੂੰ ਮੱਦੇਨਜ਼ਰ ਰੱਖਦੇ ਸਮੂਹ ਸਟਾਫ ਨੂੰ ਸਮੇਂ ਸਿਰ ਡਿਊਟੀ ’ਤੇ ਆਉਣਾ ਯਕੀਨੀ ਬਣਾਉਣ ਦੇ ਨਾਲ ਨਾਲ ਹਸਪਤਾਲ ਦੀ ਸਾਫ਼-ਸਫ਼ਾਈ ਤੇ ਲੋੜੀਂਦੇ ਸਾਜ਼ੋ-ਸਾਮਾਨ ਦੇ ਸਮੇਂ-ਸਮੇਂ ’ਤੇ ਮੁਰੰਮਤ ਕਰਨ ਦੀ ਹਦਾਇਤ ਕੀਤੀ। ਉਹ ਇੱਥੇ ਸਰਕਾਰੀ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਹਸਪਤਾਲਾਂ ਦੇ ਮੁਖੀਆਂ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇ ਕੋਈ ਮਸ਼ੀਨਰੀ, ਸਾਜ਼ੋ-ਸਾਮਾਨ ਖ਼ਰਾਬ ਹੁੰਦਾ ਹੈ ਤਾਂ ਉਸ ਬਾਰੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੁਚਿਤ ਕੀਤਾ ਜਾਵੇ ਜਾਂ ਉਸਨੂੰ ਠੀਕ ਕਰਾਇਆ ਜਾਵੇ। ਇਸ ਮੌਕੇ ਡਾ. ਰਵਿੰਦਰ ਸਿੰਗਲਾ, ਡਾ. ਮਯੰਕ ਜੋਤ ਸਿੰਘ, ਡਾ. ਵਿਜੈ ਕੁਮਾਰ, ਡਾ. ਬਲਜਿੰਦਰ ਕੌਰ ਖਿਆਲਾ, ਡਾ. ਨਿਰਮਲ ਸਿੰਘ, ਡਾ. ਦੀਪਕ ਕੁਮਾਰ ਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।