ਐੱਸਐੱਸਡੀ ਕਾਲਜ ਦੇ ਖਿਡਾਰੀਆਂ ਨੇ ਕਿੱਕ ਬਾਕਸਿੰਗ ’ਚ ਸੋਨ ਤਗ਼ਮੇ ਜਿੱਤੇ
ਸਥਾਨਕ ਐੱਸਐੱਸ ਡੀ ਕਾਲਜ ਦੇ ਵਿਦਿਆਰਥੀਆਂ ਨੇ ਕਿੱਕ ਬਾਕਸਿੰਗ ਦੇ ਨੈਸ਼ਨਲ ਮੁਕਾਬਲਿਆਂ ’ਚ ਦੋ ਸੋਨ ਤਗ਼ਮੇ ਜਿੱਤੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਦੱਸਿਆ ਕਿ ਛੱਤੀਸ਼ਗੜ੍ਹ ਦੇ ਰਾਏਪੁਰ ਵਿੱਚ ਬਲਵੀਰ ਸਿੰਘ ਸਟੇਡੀਅਮ ਵਿੱਚ ਹੋਈ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2025 ਵਿੱਚ ਐੱਸ.ਐੱਸ.ਡੀ ਕਾਲਜ ਦੇ ਬੀਸੀਏ ਭਾਗ ਤੀਜਾ ਦੇ ਵਿਦਿਆਰਥੀ ਅਕਾਸ਼ਦੀਪ ਸਿੰਘ ਨੇ ਸੀਨੀਅਰ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨੇ ਦਾ ਤਗ਼ਮਾ ਜਿੱਤਿਆ ਹੈ। ਇਸੇ ਤਰ੍ਹਾਂ ਐੱਮਏ ਭਾਗ ਦੂਜਾ ਦੇ ਵਿਦਿਆਰਥੀ ਸਨੀ ਕੁਮਾਰ ਨੇ 91 ਕਿਲੋ ਵਰਗ ਦੇ ਕਿੱਕ ਬਾਕਸਿੰਗ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਹਾਸਲ ਕਰਦਿਆਂ ਸੋਨੇ ਦਾ ਤਗ਼ਮਾ ਜਿੱਤਿਆ ਹੈ। ਐੱਸਡੀ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਹੋਣਹਾਰ ਬੱਚਿਆਂ ਨੇ ਕੌਮੀ ਪੱਧਰ ’ਤੇ ਐੱਸਐੱਸਡੀ ਕਾਲਜ, ਆਪਣੇ ਮਾਤਾ ਪਿਤਾ, ਆਪਣੇ ਸ਼ਹਿਰ ਬਰਨਾਲ਼ਾ ਅਤੇ ਪੰਜਾਬ ਦਾ ਨਾਮ ਉੁਚਾ ਕੀਤਾ ਹੈ। ਐੱਸਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਗੋਲਡ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦੇਣ ਨਾਲ ਨਾਲ ਫਿਜ਼ੀਕਲ ਵਿਭਾਗ ਦੀ ਇੰਚਾਰਜ ਪ੍ਰੋਫੈਸਰ ਪਰਵਿੰਦਰ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਮੇਤ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਜਿਥੇ ਕਾਲਜ ਵੱਲੋਂ ਸਨਮਾਨ ਕੀਤਾ ਜਾਂਦਾ ਹੈ, ਉਥੇ ਇਨ੍ਹਾਂ ਵਿਦਿਆਰਥੀਆਂ ਨੂੰ ਵਿਸੇਸ਼ ਰਿਆਇਤਾਂ ਵੀ ਦਿੱਤੀਆਂ ਜਾਦੀਆਂ ਹਨ।