ਖੇਡਾਂ ਵਤਨ ਪੰਜਾਬ ਦੀਆਂ: ਮਸ਼ਾਲ ਦਾ ਬਠਿੰਡਾ ਪੁੱਜਣ ’ਤੇ ਸਵਾਗਤ
‘ਖੇਡਾਂ ਵਤਨ ਪੰਜਾਬ ਦੀਆਂ-2025 (ਸੀਜ਼ਨ-4)’ ਦੀ ਮਸ਼ਾਲ ਅੱਜ ਇੱਥੇ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿੱਚ ਪੁੱਜੀ। ਮਸ਼ਾਲ ਦਾ ਵਿਧਾਇਕ ਜਗਰੂਪ ਸਿੰਘ ਗਿੱਲ, ਐੱਸਐੱਸਪੀ ਅਮਨੀਤ ਕੌਂਡਲ, ਏਡੀਸੀ (ਜਨਰਲ) ਪੂਨਮ ਸਿੰਘ ਅਤੇ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਵੱਲੋਂ ਸਵਾਗਤ ਕੀਤਾ ਗਿਆ।
ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਸਰਕਾਰ ਵੱਲੋਂ ਨੌਜਵਾਨਾਂ ਦੀ ਮੰਗ ਮੁਤਾਬਿਕ ਖੇਡ ਸਮੱਗਰੀ ਅਤੇ ਖੇਡ ਗਰਾਊਂਡ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਉਮਰ ਦੇ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਦਾ ਲਾਜ਼ਮੀ ਹਿੱਸਾ ਬਣਨਾ ਚਾਹੀਦਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਦਾ ਸੁਨੇਹਾ ਦਿੰਦੀ ਹੋਈ ਇਹ ਮਸ਼ਾਲ ਸੰਗਰੂਰ ਤੋਂ ਚੱਲ ਕੇ ਬਠਿੰਡਾ ਅੱਪੜੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲਿ੍ਹਆਂ ਵਿੱਚੋਂ ਹੁੰਦੀ ਹੋਈ ਮਸ਼ਾਲ ਹੁਸ਼ਿਆਰਪੁਰ ਪੁੱਜੇਗੀ, ਜਿੱਥੇ ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਰੋਹ 29 ਅਗਸਤ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਖੇਡਾਂ 3 ਸਤੰਬਰ ਤੋਂ 23 ਨਵੰਬਰ ਤੱਕ ਸੂਬੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਹੋਣਗੀਆਂ।