ਐੱਸਪੀ ਓਬਰਾਏ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸਪੀ ਸਿੰਘ ਓਬਰਾਏ ਤੇ ਗੁਰਜੀਤ ਸਿੰਘ ਓਬਰਾਏ ਨੇ ਜ਼ੀਰਾ ਦੇ ਪਿੰਡ ਰੁਕਨੇ ਵਾਲਾ ਬੰਨ੍ਹ ’ਤੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਹਾਲਾਤ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ।
ਉਨ੍ਹਾਂ ਨਾਲ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੀ ਮੌਜੂਦ ਸਨ। ਸ੍ਰੀ ਓਬਰਾਏ ਨੇ ਕਿਹਾ ਕਿ ਇਹ ਪੰਜਾਬ ਲਈ ਮੁਸ਼ਕਲ ਦੀ ਘੜੀ ਹੈ, ਪਰ ਪੰਜਾਬੀ ਆਪਸੀ ਇਕਜੁੱਟਤਾ ਕਰ ਕੇ ਹਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਟਰੱਸਟ ਵੱਲੋਂ ਲਗਪਗ 1200 ਟਨ ਚਾਰਾ ਬੁੱਕ ਕੀਤਾ ਗਿਆ ਹੈ ਤੇ ਹੁਣ ਤੱਕ ਸਾਢੇ ਤਿੰਨ ਸੌ ਟਨ ਚਾਰਾ ਵੰਡਿਆ ਜਾ ਚੁੱਕਾ ਹੈ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫੌਗਿੰਗ ਮਸ਼ੀਨਾਂ ਦੇਣ ਦਾ ਵੀ ਵਾਅਦਾ ਕੀਤਾ ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ,ਕੈਸ਼ੀਅਰ ਵਿਜੈ ਕੁਮਾਰ ਬਹਿਲ,ਜ਼ਿਲ੍ਹਾ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ,ਜ਼ਿਲ੍ਹਾ ਇੰਚਾਰਜ ਇਸਤਰੀ ਵਿੰਗ ਜ਼ੀਰਾ ਬਲਵਿੰਦਰ ਕੌਰ,ਲੈਬ ਇੰਚਾਰਜ ਜ਼ੀਰਾ ਜਗਸੀਰ ਸਿੰਘ, ਰਾਮ ਸਿੰਘ,ਬਲਵਿੰਦਰ ਪਾਲ ਸ਼ਰਮਾ,ਤਲਵਿੰਦਰ ਕੌਰ, ਰਣਧੀਰ ਜੋਸ਼ੀ,ਕੰਵਲਜੀਤ ਸਿੰਘ ਅਤੇ ਸ਼ਹਿਰ ਦੇ ਹੋਰ ਪਤਵੰਤੇ ਮੌਜੂਦ ਸਨ।