ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਰਮਾ: ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਬਾਰੇ ਵਿਸ਼ੇਸ਼ ਸਰਵੇਖਣ

ਅਧਿਕਾਰੀਆਂ ਵੱਲੋਂ ਭੈਣੀਬਾਘਾ, ਰਾਮਦਿੱਤੇਵਾਲਾ, ਤਾਮਕੋਟ, ਭਾਈ ਦੇਸਾ ਅਤੇ ਖਿਆਲਾਂ ਕਲਾਂ ਦੇ ਖੇਤਾਂ ਦਾ ਦੌਰਾ
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 2 ਜੁਲਾਈ

Advertisement

ਕਪਾਹ ਪੱਟੀ ਵਿੱਚ ਨਰਮੇ ’ਤੇ ਤੇਲੇ ਦਾ ਹਮਲਾ ਸਾਹਮਣੇ ਆਉਣ ਤੋਂ ਬਾਅਦ ਖੇਤੀਬਾੜੀ ਵਿਭਾਗ ਹਰਕਤ ਵਿੱਚ ਆ ਗਿਆ ਹੈ। ਮਹਿਕਮੇ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਅਜੇ ਤੱਕ ਕਿਸੇ ਕਿਸਮ ਦੀ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਹੈ। ਵਿਭਾਗ ਵੱਲੋਂ ਮਾਨਸਾ ਸਮੇਤ ਕਪਾਹ ਪੱਟੀ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਅੱਜ ਤੋਂ ਬਕਾਇਦਾ ਚਿੱਟੀ ਮੱਖੀ, ਭੂਰੀ ਜੂੰ, ਗੁਲਾਬੀ ਸੁੰਡੀ ਅਤੇ ਹਰੇ ਤੇਲੇ ਲਈ ਵਿਸ਼ੇਸ਼ ਸਰਵੇਖਣ ਸ਼ੁਰੂ ਕਰ ਦਿੱਤਾ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ ਵਿਸਥਾਰ) ਡਾ. ਚਰਨਜੀਤ ਸਿੰਘ, ਏਐੱਮਓ ਡਾ. ਯਾਦਵਿੰਦਰ ਸਿੰਘ ਅਤੇ ਪ੍ਰਾਜੈਕਟ ਡਾਇਰੈਕਟਰ (ਆਤਮਾ) ਡਾ. ਅਮਨਦੀਪ ਕੇਸ਼ਵ ਵੱਲੋਂ ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀਬਾਘਾ, ਰਾਮਦਿੱਤੇਵਾਲਾ, ਤਾਮਕੋਟ, ਭਾਈ ਦੇਸਾ ਅਤੇ ਖਿਆਲਾਂ ਕਲਾਂ ਵਿੱਚ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ।

ਡਾ. ਚਰਨਜੀਤ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਦੀ ਫ਼ਸਲ ਦਾ ਸਰਵੇਖਣ ਸਵੇਰੇ 10 ਵਜੇ ਤੋਂ ਪਹਿਲਾਂ ਕੀਤਾ ਜਾਵੇ, ਕਿਉਂਕਿ ਇਸ ਸਮੇਂ ਕੀੜਿਆਂ ਦੀ ਗਿਣਤੀ ਸਹੀ ਪਤਾ ਲੱਗਦੀ ਹੈ। ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਕਿਹਾ ਕਿ ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਖੇਤਾਂ ਦੇ ਲਗਾਤਾਰ ਦੌਰੇ ਕੀਤੇ ਜਾਣ।

ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਕਿਸਾਨਾਂ ਨੂੰ ਦੱਸਿਆ ਕਿ ਇਸ ਸਮੇਂ ਕੁਝ ਨਰਮੇ ਦੇ ਖੇਤਾਂ ਵਿੱਚ ਖੁਰਾਕੀ ਤੱਤਾਂ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਫਸਲ ਨੂੰ ਦਰਮਿਆਨੀਆਂ ਉਪਜਾਊ ਜ਼ਮੀਨਾਂ ਲਈ 90 ਕਿੱਲੋ ਯੂਰੀਆ ਫੁੱਲ ਨਿਕਲਣ ਤੱਕ 3 ਬਰਾਬਰ ਕਿਸ਼ਤਾਂ ਵਿੱਚ ਪਾਓ ਅਤੇ ਜੇਕਰ ਖੇਤਾਂ ਵਿੱਚ ਜਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਦਿਖਦੀਆਂ ਹਨ ਤਾਂ 10 ਕਿੱਲੋ ਜਿੰਕ ਨੂੰ ਮਿੱਟੀ ਵਿੱਚ ਰਲਾ ਕੇ ਖੇਤ ਵਿੱਚ ਛੱਟਾ ਦਿਓ ਅਤੇ ਜੇਕਰ ਮੈਗਨੀਸ਼ੀਅਮ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਪਾਈਆਂ ਜਾਂਦੀਆਂ ਹਨ ਤਾਂ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਸਪਰੇਅ ਕੀਤੀ ਜਾਵੇ।

ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਪੈਸਟ ਸਰਵੇ ਲੈਂਸ ਦੀਆਂ 6 ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਇੱਕ ਜ਼ਿਲ੍ਹਾ ਪੱਧਰੀ ਅਤੇ ਪੰਜ ਬਲਾਕ ਪੱਧਰ ਦੀਆਂ ਟੀਮਾਂ ਹਨ। ਇਸ ਦੌਰੇ ਦੌਰਾਨ ਡਾ. ਜਸਲੀਨ ਕੌਰ ਧਾਲੀਵਾਲ, ਡਾ. ਹਰਮਨਦੀਪ ਸਿੰਘ ਤੇ ਸੁਖਵਿੰਦਰ ਸਿੰਘ ਮੌਜੂਦ ਸਨ।

Advertisement