ਸਮਾਜ ਸੇਵੀਆਂ ਨੇ ਲੋੜਵੰਦਾਂ ਨੂੰ ਘਰਾਂ ਲਈ ਤਰਪਾਲਾਂ ਵੰਡੀਆਂ
ਸੂਬੇ ਵਿੱਚ ਭਾਰੀ ਮੀਂਹਾਂ ਕਾਰਨ ਹਰ ਵਰਗ ਪ੍ਰਭਾਵਿਤ ਹੋਇਆ ਹੈੈ। ਮੀਂਹ ਏਨੇ ਜ਼ਿਆਦਾ ਰਹੇ ਕਿ ਬਹੁ ਗਿਣਤੀ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਪਾਣੀ ਨਾਲ ਚੋਣ ਲਾ ਦਿੱਤੀਆਂ। ਉਥੇ ਗਰੀਬ ਲੋਕਾਂ ਦੇ ਘਰ ਡਿੱਗ ਵੀ ਗਏ। ਜਿਸ ਕਾਰਨ ਬਾਜ਼ਾਰ ਵਿੱਚ ਤਰਪਾਲਾਂ ਦੀ ਮੰਗ ਬਹੁਤ ਜ਼ਿਆਦਾ ਵਧੀ ਅਤੇ ਇਸਦੀ ਕਾਲਾਬਾਜ਼ਾਰੀ ਹੋਈ ਅਤੇ ਦੁੱਗਣੇ ਭਾਅ ਤੱਕ ਤਰਪਾਲਾਂ ਵਿਕੀਆਂ। ਅਜਿਹੇ ਹਾਲਾਤਾਂ ਵਿੱਚ ਵੀ ਪਿੰਡਾਂ ਵਿੱਚ ਭਾਈਚਾਰਕ ਸਾਂਝ ਅਤੇ ਸਮਾਜ ਸੇਵੀ ਲੋਕ ਲੋੜਵੰਦ ਪਰਿਵਾਰਾਂ ਲਈ ਵੱਡਾ ਆਸਰਾ ਬਣੇ ਅਤੇ ਗਰੀਬ ਪਰਿਵਾਰਾਂ ਨੂੰ ਲੱਖਾਂ ਰੁਪਏ ਦੀਆਂ ਤਰਪਾਲਾਂ ਮੁਫ਼ਤ ਵਿੱਚ ਵੰਡ ਕੇ ਉਨ੍ਹਾਂ ਦੇ ਸਿਰ ਦੀਆਂ ਛੱਤਾਂ ਬਚਾਈਆਂ ਗਈਆਂ।
ਹਲਕੇ ਦੇ ਪਿੰਡ ਛੀਨੀਵਾਲ ਕਲਾਂ ਵਿਖੇ ਦਾਨੀਆਂ ਦੇ ਸਹਿਯੋਗ ਨਾਲ ਬੀਕੇਯੂ ਕਾਦੀਆਂ ਦੇ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਵਿੱਚ ਕਰੀਬ 1 ਲੱਖ ਰੁਪਏ ਤੋਂ ਵੱਧ ਲਾਗਤ ਦੀਆਂ ਤਰਪਾਲਾਂ ਪਿੰਡ ਦੇ ਲੋੜਵੰਦਾਂ ਨੂੰ ਵੰਡੀਆਂ ਗਈਆਂ। ਪਿੰਡ ਮਹਿਲ ਕਲਾਂ ਦੇ ਸਰਪੰਚ ਸਰਬਜੀਤ ਸਿੰਘ ਸ਼ੰਭੂ, ਮਹਿਲ ਕਲਾਂ ਸੋਢੇ ਦੀ ਸਰਪੰਚ ਦੇ ਪੁੱਤਰ ਅਰੁਣ ਕੁਮਾਰ, ਪਿੰਡ ਚੀਮਾ ਵਿਖੇ ਸਰਪੰਚ ਮਲੂਕ ਸਿੰਘ ਧਾਲੀਵਾਲ ਵਲੋਂ ਪਿੰਡ ਦੇ ਘਰ-ਘਰ ਜਾ ਕੇ ਸੈਂਕੜੇ ਤਰਪਾਲਾਂ ਲੌੜਵੰਦਾਂ ਨੂੰ ਵੰਡੀਆਂ ਗਈਆਂ।