ਸਮਾਜ ਸੇਵੀ ਗੌਤਮ ਬਾਂਸਲ ਦਾ ਸਨਮਾਨ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬਾ ਪੱਧਰੀ ਸਮਾਗਮ ਦੌਰਾਨ ਫ਼ਰੀਦਕੋਟ ਦੇ ਸਮਾਜ ਸੇਵੀ ਗੌਤਮ ਬਾਂਸਲ ਦਾ ਸਮਾਜਿਕ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ। ਗੌਤਮ ਬਾਂਸਲ ਪਿਛਲੇ ਲੰਬੇ ਸਮੇਂ ਤੋਂ ਰੈੱਡ ਕਰਾਸ ਪ੍ਰਤੀ ਸੇਵਾਵਾਂ ਦੇ ਰਹੇ ਅਤੇ ਕਈ...
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬਾ ਪੱਧਰੀ ਸਮਾਗਮ ਦੌਰਾਨ ਫ਼ਰੀਦਕੋਟ ਦੇ ਸਮਾਜ ਸੇਵੀ ਗੌਤਮ ਬਾਂਸਲ ਦਾ ਸਮਾਜਿਕ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ। ਗੌਤਮ ਬਾਂਸਲ ਪਿਛਲੇ ਲੰਬੇ ਸਮੇਂ ਤੋਂ ਰੈੱਡ ਕਰਾਸ ਪ੍ਰਤੀ ਸੇਵਾਵਾਂ ਦੇ ਰਹੇ ਅਤੇ ਕਈ ਸੰਸਥਾਵਾਂ ਨਾਲ ਮਿਲ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਹਿੱਸਾ ਲੈਂਦਾ ਰਿਹਾ ਹੈ। ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਹਰ ਨਾਗਰਿਕ ਨੂੰ ਸਮਾਜ ਦੀ ਸੇਵਾ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸਮਾਜ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ।
ਬੱਚਿਆਂ ਨੇ ਬਜ਼ੁਰਗਾਂ ਨਾਲ ਦੀਵਾਲੀ ਮਨਾਈ
ਭਗਤਾ ਭਾਈ: ਸੀ.ਐੱਮ.ਐੱਸ. ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਦੇ ਬੱਚਿਆਂ ਨੇ ਆਪਣਾ ਘਰ ਬਿਰਧ ਆਸ਼ਰਮ ਕੋਟਕਪੁਰਾ ਪਹੁੰਚ ਕੇ ਉਥੇ ਰਹਿੰਦੇ ਲੋੜਵੰਦ ਤੇ ਬੇਸਹਾਰਾ ਬਜ਼ੁਰਗਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਪ੍ਰਿੰਸੀਪਲ ਰਮਨ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੇ ਬਿਰਧ ਘਰ ਦੇ ਕਮਰਿਆਂ ਦੀ ਸਫਾਈ ਕਰਨ ਉਪਰੰਤ ਉਨ੍ਹਾਂ ਦੀ ਸਮਾਨ ਤੇ ਫੁੱਲਾਂ ਨਾਲ ਸਜਾਵਟ ਕੀਤੀ। ਸਕੂਲ ਦੇ ਐਮ.ਡੀ. ਜੈ ਸਿੰਘ ਨੇ ਸਕੂਲ ਸਟਾਫ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਕੂਲ ਵੱਲੋਂ ਆਸ਼ਰਮ ਨੂੰ ਦਾਲਾਂ, ਚਾਵਲ, ਦਲੀਆ, ਖੰਡ ਸਾਬਣ, ਸਰਫ਼ ਆਦਿ ਲੋੜੀਂਦਾ ਸਮਾਨ ਦਿੱਤਾ ਗਿਆ। ਆਸ਼ਰਮ ਦੇ ਸੰਚਾਲਕ ਮਹੰਤ ਗਰੀਬ ਦਾਸ ਨੇ ਸਕੂਲ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ। -ਪੱਤਰ ਪ੍ਰੇਰਕ
ਮਾਤਾ ਸੁੰਦਰੀ ਕਾਲਜ ਦੀਆਂ ਖਿਡਾਰਨਾਂ ਜੇਤੂ
ਰਾਮਪੁਰਾ ਫੂਲ: ਮਾਤਾ ਸੁੰਦਰੀ ਗਰਲਜ ਕਾਲਜ ਦੀਆਂ ਵਿਦਿਆਰਥਣਾਂ ਨੇ ਅੰਤਰ ਕਾਲਜ ਖੇਡਾਂ (ਕੁਸ਼ਤੀ) ਦੇ ਮੁਕਾਬਲੇ ’ਚ ਤਗ਼ਮੇ ਜਿੱਤੇ ਹਨ। ਕਾਲਜ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਤੇ ਐੱਮ.ਡੀ. ਗੁਰਬਿੰਦਰ ਸਿੰਘ ਬੱਲੀ ਨੇ ਕਿਹਾ ਕਿ ਕਾਲਜ ਵਿਦਿਆਰਥਣਾਂ ਨੂੰ ਖੇਡਾਂ ’ਚ ਵੀ ਅੱਗੇ ਵਧਣ ਲਈ ਵੀ ਪ੍ਰੇਰਦਾ ਹੈ। ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰਮਨਪ੍ਰੀਤ ਕੌਰ ਨੇ ਚਾਂਦੀ ਦਾ ਤਗ਼ਮਾ ਤੇ ਹਰਦੀਪ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਡਾਇਰੈਕਟਰ ਐਡਮਿਸਟ੍ਰੇਸ਼ਨ ਪਰਮਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਰਾਜ ਸਿੰਘ ਬਾਘਾ, ਡਾਇਰੈਕਟਰ ਸਿੰਬਲਜੀਤ ਕੌਰ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ
ਗੁਰਨਾਮ ਸਿੱਧੂ ਦੀ ਪੁਸਤਕ ‘ਗੜੌਂਦੇ’ ਰਿਲੀਜ਼
ਭਗਤਾ ਭਾਈ: ਸਾਹਿਤਕ ਮੰਚ ਭਗਤਾ ਭਾਈ ਵੱਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ’ਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੀਤਕਾਰ ਨਿਰਮਲ ਪੱਤੋ ਦਾ ਰੂਬਰੂ ਤੇ ਪੰਜਾਬੀ ਲੇਖਕ ਗੁਰਨਾਮ ਸਿੰਘ ਸਿੱਧੂ ਦੀ ਬਾਲ ਪੁਸਤਕ ‘ਗੜੌਂਦੇ’ ਰਿਲੀਜ਼ ਕਰਨ ਤੋਂ ਇਲਾਵਾ ਕਵੀ ਦਰਬਾਰ ਵੀ ਕਰਵਾਇਆ ਗਿਆ। ਮੁੱਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਸਨ। ਪ੍ਰਧਾਨਗੀ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਤੇ ਸਰਪ੍ਰਸਤ ਨਛੱਤਰ ਸਿੰਘ ਸਿੱਧੂ ਨੇ ਕੀਤੀ। ਸਾਹਿਤਕ ਮੰਚ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਨਕਲਾਬੀ ਗਾਇਕ ਅਜਮੇਰ ਅਕਲੀਆ ਨੇ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ, ਵਿੱਤ ਸਕੱਤਰ ਸੁਖਵਿੰਦਰ ਚੀਦਾ, ਪ੍ਰਿੰਸੀਪਲ ਸੁਮਨ ਸ਼ਰਮਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ