ਹੈਰੋਇਨ ਵੇਚਣ ਲਈ ਤਸਕਰ ਨੇ ਦਿਹਾੜੀ ’ਤੇ ਰੱਖੇ ਨੌਜਵਾਨ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 1 ਜੂਨ
ਪੁਲੀਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਕਿਸੇ ਹੋਰ ਨਸ਼ਾ ਤਸਕਰ ਦੀ ਹੈਰੋਇਨ ਕਥਿਤ ਤੌਰ ’ਤੇ 1000 ਰੁਪਏ ਦਿਹਾੜੀ ਲੈ ਕੇ ਵੇਚਦੇ ਸਨ। ਫਿਲਹਾਲ ਹੈਰੋਇਨ ਦਾ ਮਾਲਕ ਪੁਲੀਸ ਦੀ ਗ੍ਰਿਫਤ ਤੋਂ ਦੂਰ ਹੈ। ਥਾਣਾ ਸਦਰ ਕੋਟਕਪੂਰਾ ਦੀ ਪੁਲੀਸ ਨੇ 150 ਗ੍ਰਾਮ ਹੈਰੋਇਨ ਅਤੇ ਕੰਪਿਊਟਰ ਕੰਢੇ ਸਮੇਤ ਪੰਜਗਰਾਈ ਦੇ ਦੋ ਨੌਜਵਾਨਾਂ ਵਿੱਕੀ ਅਤੇ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਮਗਰੋਂ ਇਹ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ (ਡੀ) ਸੰਦੀਪ ਵਡੇਰਾ ਨੇ ਦੱਸਿਆ ਕਿ ਪੁਲੀਸ ਨੂੰ ਸੇਫ ਪੰਜਾਬ (ਨਸ਼ਿਆਂ ਵਿਰੁੱਧ ਸਰਕਾਰੀ ਮੁਹਿੰਮ ਦਾ ਮੋਬਾਈਲ ਨੰਬਰ) ਤੋਂ ਸੂਚਨਾ ਮਿਲੀ ਜਿਸ ਆਧਾਰ ’ਤੇ ਸੀਆਈਏ ਸਟਾਫ ਦੇ ਐੱਸਆਈ ਚਰਨਜੀਤ ਸਿੰਘ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਪੰਜਗਰਾਈ ਪਿੰਡ ਨਜ਼ਦੀਕ ਗ੍ਰਿਫਤਾਰ ਕੀਤਾ। ਇਨ੍ਹਾਂ ਕੋਲੋਂ 150 ਗ੍ਰਾਮ ਹੈਰੋਇਨ ਅਤੇ ਹੈਰੋਇਨ ਤੋਲਣ ਵਾਲਾ ਕੰਪਿਊਟਰ ਕੰਢਾ ਬਰਾਮਦ ਹੋਇਆ। ਇਨ੍ਹਾਂ ਦੋਨਾਂ ਦੀ ਪਛਾਣ ਪੰਜਗਰਾਈ ਨਿਵਾਸੀ ਵਿੱਕੀ ਅਤੇ ਹਰਦੀਪ ਸਿੰਘ ਵਜੋਂ ਹੋਈ। ਜਦੋ ਇਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਗਈ ਤਾਂ ਇਨ੍ਹਾਂ ਨੇ ਪੰਜਗਰਾਈ ਦੇ ਇੱਕ ਹੋਰ ਨਸ਼ਾ ਤਸਕਰ ਦਾ ਨਾਮ ਲਿਆ ਕਿ ਇਹ ਹੈਰੋਇਨ ਅਤੇ ਕੰਢਾ ਉਸਦਾ ਹੈ ਅਤੇ ਉਹ ਉਸਦਾ ਸਾਮਾਨ ਵੇਚ ਕੇ ਸ਼ਾਮ ਨੂੰ ਪੈਸੇ ਦੇ ਦਿੰਦੇ ਹਨ। ਇਸ ਦੇ ਬਦਲੇ ਉਹ ਉਨ੍ਹਾਂ ਨੂੰ 1000 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਦਿਨ ਦਿੰਦਾ ਹੈ। ਐੱਸਪੀਡੀ ਨੇ ਦੱਸਿਆ ਕਿ ਪੁਲੀਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ 1000 ਰੁਪਏ ਦਿਹਾੜੀ ਦੇਣ ਦੀ ਗੱਲ ਕਿੰਨੀ ਕੁ ਸੱਚ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਤਸਕਰ ਦੇ ਫੜੇ ਜਾਣ ’ਤੇ ਹੀ ਸਪੱਸ਼ਟ ਹੋਵੇਗਾ ਕਿ ਇਨ੍ਹਾਂ ਦੀ ਗੱਲ ਵਿੱਚ ਕਿੰਨੀ ਕੁ ਸਚਾਈ ਹੈ।