DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੇਲ ਸੋਧਕ ਕਾਰਖਾਨੇ ਦੇ ਧੂੰਏਂ ਨੇ ਘੁੱੱਟਿਆ ਲੋਕਾਂ ਦਾ ਸਾਹ

ਕਈ ਪਿੰਡਾਂ ’ਚ ਲੋਕ ਸਾਹ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗੇ

  • fb
  • twitter
  • whatsapp
  • whatsapp
featured-img featured-img
ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੀ ਚਿਮਨੀ ’ਚੋਂ ਨਿਕਲ ਰਿਹਾ ਧੂੰਆਂ।
Advertisement

ਭੁਪਿੰਦਰ ਪੰਨੀਵਾਲੀਆ

ਕਾਲਾਂਵਾਲੀ, 2 ਅਪਰੈਲ

Advertisement

ਹਰਿਆਣਾ-ਪੰਜਾਬ ਸਰਹੱਦ ’ਤੇ ਸਥਿਤ ਕਣਕਵਾਲ ਨੇੜਲੇ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਤੋਂ ਪੰਜਾਬ ਨੂੰ ਆਰਥਿਕ ਲਾਭ ਮਿਲ ਰਿਹਾ ਹੈ ਪਰ ਹਰਿਆਣਾ ਦੇ ਲੋਕਾਂ ਨੂੰ ਸਮੱਸਿਆਵਾਂ ਮਿਲ ਰਹੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਰਿਫਾਇਨਰੀ ਦੀ ਚਿਮਨੀ ਵਿੱਚੋਂ ਲੰਮੀਆਂ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਨਿਕਲ ਰਿਹਾ ਹੈ ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਧੂੰਏਂ ਕਾਰਨ ਪਿੰਡ ਰਾਮਸਰਾ, ਦੇਸੂ ਮਲਕਾਣਾ, ਹੱਸੂ, ਖੋਖਰ, ਅਸੀਰ, ਮਾਖਾ ਸਮੇਤ ਕਈ ਪਿੰਡਾਂ ਦੇ ਵਸਨੀਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਤੇਲ ਸੋਧਕ ਕਾਰਖਾਨੇ ਦੇ ਸ਼ੋਰ ਅਤੇ ਫੈਕਟਰੀ ਦੇ ਧੂੰਏਂ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਤੋਂ ਇਲਾਵਾ ਰਿਫਾਈਨਰੀ ਦੀ ਬਦਬੂ ਨੇ ਵੀ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ। ਪਿੰਡਾਂ ਦੇ ਲੋਕ ਸਾਹ ਲੈਣ ਵਿੱਚ ਤਕਲੀਫ਼, ਦਮਾ ਅਤੇ ਖੰਘ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਰਿਫਾਇਨਰੀ ਦੇ ਪ੍ਰਦੂਸ਼ਿਤ ਧੂੰਏਂ ਅਤੇ ਸ਼ੋਰ ਕਾਰਨ ਮਜ਼ਦੂਰ ਨਾਲ ਲੱਗਦੇ ਖੇਤਾਂ ਵਿੱਚ ਕੰਮ ਕਰਨ ਲਈ ਤਿਆਰ ਨਹੀਂ ਹਨ। ਇਸ ਸਮੇਂ ਕਣਕ ਦੀ ਫ਼ਸਲ ਤਿਆਰ ਹੈ ਅਤੇ ਅਜੇ ਕਟਾਈ ਹੋਣੀ ਬਾਕੀ ਹੈ। ਇਸ ਸਥਿਤੀ ਵਿੱਚ ਕਿਸਾਨਾਂ ਦੇ ਮਨਾਂ ਵਿੱਚ ਇਹ ਡਰ ਹੈ ਕਿ ਜੇ ਪੱਕੀ ਕਣਕ ਦੀ ਫ਼ਸਲ ’ਤੇ ਅਚਾਨਕ ਚੰਗਿਆੜੀ ਡਿੱਗ ਪਵੇ ਤਾਂ ਕਈ ਏਕੜ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਸਕਦੀ ਹੈ।

Advertisement

ਕਿਸਾਨਾਂ ਦਾ ਕਹਿਣਾ ਹੈ ਜਦੋਂ ਕਿਸਾਨ ਆਪਣੀਆਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਂਦੇ ਹਨ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਚਲਾਨ ਕੱਟੇ ਜਾਂਦੇ ਹਨ, ਪਰ ਰਿਫਾਇਨਰੀ ਤੋਂ ਹੋਣ ਵਾਲੇ ਇਸ ਤਰ੍ਹਾਂ ਦੇ ਪ੍ਰਦੂਸ਼ਣ ਪ੍ਰਤੀ ਪ੍ਰਸ਼ਾਸਨ ਅੱਖਾਂ ਮੀਟ ਲੈਂਦਾ ਹੈ। ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ। ਉਨ੍ਹਾਂ ਦਾ ਕਹਿਣਾ ਕਿ ਕਾਨੂੰਨ ਸਿਰਫ਼ ਕਿਸਾਨਾਂ ’ਤੇ ਹੀ ਕਿਉਂ ਲਾਗੂ ਹੁੰਦਾ ਹੈ, ਜਦੋਂ ਕਿ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਿਫਾਈਨਰੀ ਦੇ ਸ਼ੋਰ ਦਾ ਸਥਾਈ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਜਦੋਂ ਕੋਈ ਤੇਲ ਸੋਧਕ ਕਾਰਖਾਨਾ ਸਥਾਪਤ ਕੀਤਾ ਜਾਂਦਾ ਹੈ ਤਾਂ ਇਸਦੇ ਆਲੇ-ਦੁਆਲੇ ਕਈ ਕਿਲੋਮੀਟਰ ਦੇ ਖੇਤਰ ਵਿੱਚ ਹਰੇ ਭਰੇ ਰੁੱਖ ਲਾਉਣੇ ਪੈਂਦੇ ਹਨ ਪਰ ਇਸ ਮਾਮਲੇ ਵਿੱਚ ਸਾਰੇ ਨਿਯਮਾਂ ਨੂੰ ਇੱਕ ਪਾਸੇ ਰੱਖ ਦਿੱਤੇ ਹਨ।

ਛੇਤੀ ਹੱਲ ਹੋਵੇਗੀ ਸਮੱਸਿਆ: ਅਧਿਕਾਰੀ

ਰਿਫਾਇਨਰੀ ਦੇ ਪੀਆਰਓ ਨਰਿੰਦਰ ਸ਼ਰਮਾ ਨੇ ਕਿਹਾ ਕਿ ਧੂੰਏਂ ਲਈ ਉਨ੍ਹਾਂ ਤਕਨੀਕੀ ਟੀਮ ਇਸ ’ਤੇ ਕੰਮ ਕਰ ਰਹੀ ਹੈ ਅਤੇ ਛੇਤੀ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ।

Advertisement
×