ਠੁੱਲ੍ਹੀਵਾਲ ’ਚ ਸੜਕ ਦੀ ਮਾੜੀ ਹਾਲਤ, ਲੋਕਾਂ ਵੱਲੋਂ ਨਾਅਰੇਬਾਜ਼ੀ
ਪਿੰਡ ਭੱਦਲਵੱਢ ਤੋਂ ਮਨਾਲ ਤੱਕ ਜਾਂਦੀ 18 ਫੁੱਟੀ ਸੜਕ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਣ ਕਰਕੇ ਲੋਕਾਂ ਲਈ ਵੱਡੀ ਸਮੱਸਿਆ ਦਾ ਕਾਰਨ ਬਣੀ ਹੋਈ ਹੈ। ਅੱਜ ਪਿੰਡ ਠੁੱਲ੍ਹੀਵਾਲ ਦੇ ਲੋਕਾਂ ਨੇ ਖਸਤਾਹਾਲ ਸੜਕ ਤੋਂ ਦੁਖੀ ਹੋ ਕੇ ਸੂਬਾ ਸਰਕਾਰ ਅਤੇ ਸੜਕੀ ਮਹਿਕਮੇ ਵਿਰੁੱਧ ਨਾਅਰੇਬਾਜ਼ੀ ਕਰ ਕੇ ਰੋਸ ਜ਼ਾਹਿਰ ਕੀਤਾ।
ਇਸ ਮੌਕੇ ਡਾ. ਸੁਖਵਿੰਦਰ ਸਿੰਘ ਠੁੱਲ੍ਹੀਵਾਲ, ਕਰਮਜੀਤ ਸਿੰਘ, ਮੋਹਨ ਸਿੰਘ, ਜਥੇਦਾਰ ਸੁਖਵਿੰਦਰ ਸਿੰਘ ਭੋਲਾ ਅਤੇ ਤਾਰਾ ਸਿੰਘ ਬਾਠ ਨੇ ਦੱਸਿਆ ਕਿ ਪਿੰਡ ਠੁੱਲ੍ਹੀਵਾਲ ਦੀ ਇਹ ਸੜਕ ’ਤੇ ਗੁਰਦੁਆਰਾ ਸਾਹਿਬ, ਮਸਜਿਦ, ਅਨਾਜ ਮੰਡੀ ਅਤੇ ਨਜ਼ਦੀਕੀ ਹਸਪਤਾਲ ਲੱਗਦੇ ਹਨ, ਜਿੱਥੇ ਦਿਨ ਚੜ੍ਹਦਿਆਂ ਹੀ ਲੋਕਾਂ ਦਾ ਆਉਣ-ਜਾਣ ਕਰ ਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਦੀ ਅਨਾਜ ਮੰਡੀ ਦੇ ਸਾਹਮਣੇ ਸੜਕ ਦਾ ਨੀਵੀਂ ਹੋਣ ਕਰਕੇ ਬਰਸਾਤ ਵਿੱਚ ਪਾਣੀ ਭਰਨ ਕਾਰਨ ਝੀਲ ਬਣ ਜਾਦੀ ਹੈ। ਇੱਥੇ ਹਾਦਸਿਆਂ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਸੜਕ ਦੀ ਖਸਤਾ ਹਾਲਤ ਤੋਂ ਪਿਛਲੇ 10 ਸਾਲਾਂ ਦੌਰਾਨ ਕਈ ਵਾਰੀ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਗਿਆ ਹੈ, ਪਰ ਕਿਸੇ ਨੇ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸੜਕ ਗ੍ਰਾਮੀਣ ਯੋਜਨਾ ਤੱਕ ਬਣੀ ਇਹ ਸੜਕ ਭੱਦਲਵੱਢ ਤੋਂ ਲੈ ਕੇ ਮਨਾਲ ਅਤੇ ਅੱਗੇ ਸ਼ੇਰਗੜ੍ਹ ਚੀਮਾ ਤੱਕ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ, ਜਿਸ ਕਰਕੇ ਇਸ ਰਸਤੇ ਆਉਣ ਵਾਲੇ ਰਾਹਗੀਰ ਵੀ ਪ੍ਰੇਸ਼ਾਨ ਹੁੰਦੇ ਹਨ।
ਉਹਨਾਂ ਸੂਬਾ ਸਰਕਾਰ ਅਤੇ ਸਬੰਧਤ ਵਿਭਾਗਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸੜਕ ਦਾ ਨਵੇਂ ਸਿਰੇ ਨਿਰਮਾਣ ਜਲਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਕਿ ਪਿੰਡ ਭੱਦਲਵੱੜ ਤੋਂ ਠੁੱਲ੍ਹੀਵਾਲ ਤੱਕ 18 ਫੁੱਟੀ ਸੜਕ ਦਾ ਟੈਂਡਰ ਲੱਗ ਚੁੱਕਿਆ ਹੈ ਅਤੇ ਇਸ ਨੂੰ ਛੇਤੀ ਹੀ ਬਣਾਇਆ ਜਾਵੇਗਾ।