ਅੱਠ ਆੜ੍ਹਤੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਹਲਕੇ ਵਿੱਚ ਕਿਸਾਨਾਂ ਤੋਂ ਸਿੱਧੀ ਝੋਨੇ ਦੀ ਖ਼ਰੀਦ ਦਾ ਮਾਮਲਾ ਸਾਹਮਣੇ ਆਇਆ ਹੈ। ਢਾਣੀ ਤੇਲੀਆਂਵਾਲੀ ਖ਼ਰੀਦ ਕੇਂਦਰ ’ਚ ਬੇਨਿਯਮੀਆਂ ਦੇ ਖ਼ੁਲਾਸੇ ਮਗਰੋਂ ਜ਼ਿਲ੍ਹਾ ਮੰਡੀ ਅਧਿਕਾਰੀ ਸ੍ਰੀ ਮੁਕਤਸਰ ਸਾਹਿਬ ਨੇ ਅੱਠ ਆੜ੍ਹਤ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਜਾਣਕਾਰੀ...
ਹਲਕੇ ਵਿੱਚ ਕਿਸਾਨਾਂ ਤੋਂ ਸਿੱਧੀ ਝੋਨੇ ਦੀ ਖ਼ਰੀਦ ਦਾ ਮਾਮਲਾ ਸਾਹਮਣੇ ਆਇਆ ਹੈ। ਢਾਣੀ ਤੇਲੀਆਂਵਾਲੀ ਖ਼ਰੀਦ ਕੇਂਦਰ ’ਚ ਬੇਨਿਯਮੀਆਂ ਦੇ ਖ਼ੁਲਾਸੇ ਮਗਰੋਂ ਜ਼ਿਲ੍ਹਾ ਮੰਡੀ ਅਧਿਕਾਰੀ ਸ੍ਰੀ ਮੁਕਤਸਰ ਸਾਹਿਬ ਨੇ ਅੱਠ ਆੜ੍ਹਤ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਨਿਰੀਖਣ ਦੌਰਾਨ ਖ਼ਰੀਦ ਕੇਂਦਰ ਵਿੱਚ ਹਜ਼ਾਰਾਂ ਕੁਇੰਟਲ ਪਰਮਲ ਝੋਨੇ ਦੇ ਢੇਰ ਪਏ ਸਨ, ਜਿਹੜੇ ਕਿਸਾਨਾਂ ਦੇ ਖਾਤਿਆਂ ਨਾਲ ਮੇਲ ਨਹੀਂ ਖਾਂਦੇ ਸਨ। ਇਸ ਸਬੰਧੀ ਗਿੱਦੜਬਾਹਾ ਤੇ ਸ੍ਰੀ ਮੁਕਤਸਰ ਸਾਹਿਬ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਵੱਲੋਂ ਪੜਤਾਲ ਕੀਤੀ ਗਈ। 14 ਕਿਸਾਨਾਂ ਨੇ ਕਬੂਲਿਆ ਕਿ ਉਨ੍ਹਾਂ ਕੰਡੇ ’ਤੇ ਤੋਲ ਕਰਵਾ ਕੇ ਝੋਨਾ ਸਿੱਧਾ ਆੜ੍ਹਤੀਆਂ ਦੇ ਫੜ ’ਤੇ ਪਏ ਵੱਡੇ ਢੇਰ ਵਿੱਚ ਢੇਰੀ ਕੀਤਾ ਸੀ। ਪੜਤਾਲ ਮੁਤਾਬਕ ਬਾਅਦ ਵਿੱਚ ਇਸੇ ਝੋਨੇ ਨੂੰ ਸਰਕਾਰੀ ਏਜੰਸੀਆਂ ਨੂੰ ਵੇਚਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਝੋਨੇ ਦੀ ਇਹ ਗੈਰਕਾਨੂੰਨੀ ਸਿੱਧੀ ਖ਼ਰੀਦ ਸਿਰਫ਼ ਢਾਣੀ ਤੇਲੀਆਂਵਾਲੀ ਤੱਕ ਸੀਮਤ ਨਹੀਂ, ਸਗੋਂ ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ਤੇ ਹੋਰਨਾਂ ਖ਼ਰੀਦ ਕੇਂਦਰਾਂ ’ਤੇ ਵੀ ਜਾਰੀ ਹੈ। ਪੜਤਾਲ ਦੌਰਾਨ ਆੜ੍ਹਤੀਏ ‘ਹੀਪ ਰਜਿਸਟਰ’ ਪੇਸ਼ ਨਾ ਕਰ ਸਕੇੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਆਨਲਾਈਨ ਅਪਡੇਟ ਕੀਤਾ ਹੋਇਆ ਹੈ। ਜਾਂਚ ਟੀਮ ਨੇ ਦੋ ਦਿਨਾਂ ਵਿੱਚ ਜਵਾਬ ਦੇਣ ਦਾ ਹੁਕਮ ਦਿੱਤਾ।
ਜਾਂਚ ਮਗਰੋਂ ਕਾਰਵਾਈ ਕਰਾਂਗੇ: ਬਰਾੜ
ਜ਼ਿਲ੍ਹਾ ਮੰਡੀ ਅਧਿਕਾਰੀ ਅਜੈਪਾਲ ਸਿੰਘ ਬਰਾੜ ਨੇ ਕਿਹਾ ਕਿ ਤੈਅ ਸਮੇਂ ਵਿੱਚ ਜਵਾਬ ਨਾ ਦੇਣ ’ਤੇ ਆੜਤ ਫਰਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

