ਦੁਕਾਨਦਾਰਾਂ ਵੱਲੋਂ ਜ਼ੀਰਾ-ਕੋਟ ਈਸੇ ਖਾਂ ਮਾਰਗ ’ਤੇ ਧਰਨਾ
ਰੈੱਡ ਕਰਾਸ ਵੱਲੋਂ ਦੁਕਾਨਾਂ ਖਾਲੀ ਕਰਵਾਉਣ ਦਾ ਮਾਮਲਾ; ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਇੱਥੋਂ ਦੇ ਥਾਣਾ ਸਿਟੀ ਨੇੜੇ 40 ਦੇ ਕਰੀਬ ਦੁਕਾਨਾਂ ਨੂੰ ਦਫ਼ਤਰ ਜ਼ਿਲ੍ਹਾ ਰੈੱਡ ਕਰਾਸ ਸ਼ਾਖ਼ਾ ਫ਼ਿਰੋਜ਼ਪੁਰ ਵੱਲੋਂ ਨੋਟਿਸ ਜਾਰੀ ਕਰਦਿਆਂ ਦੋ ਦਿਨਾਂ ਦੇ ਅੰਦਰ-ਅੰਦਰ ਖ਼ਾਲੀ ਕਰਨ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਰੋਹ ਵਿੱਚ ਆਏ ਦੁਕਾਨਦਾਰਾਂ ਨੇ ਅੱਜ ਜ਼ੀਰਾ-ਕੋਟ ਈਸੇ ਖਾਂ ਮਾਰਗ ’ਤੇ ਮੁੱਖ ਬਾਜ਼ਾਰ ਵਿੱਚ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ।
ਇਸ ਮੌਕੇ ਫਿਲਮੀ ਅਦਾਕਾਰ ਅਤੇ ਸਮਾਜ ਸੇਵੀ ਅਮਤੋਜ ਸਿੰਘ ਮਾਨ, ਸਾਂਝਾ ਮੋਰਚਾ ਜ਼ੀਰਾ ਦੇ ਆਗੂ ਰੋਮਨ ਬਰਾੜ, ਐਡਵੋਕੇਟ ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਸੇਖੋਂ, ਹਰਪ੍ਰੀਤ ਸਿੰਘ ਸ਼ੇਰਪੁਰ, ਅਮਰਜੀਤ ਸਿੰਘ ਮਠਾੜੂ ਅਕਾਲੀ ਦਲ ਵਾਰਸ ਪੰਜਾਬ ਦੇ ਧਰਨੇ ਦੀ ਹਮਾਇਤ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ।
ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਦੁਕਾਨਾਂ ਦੀ ਜਗ੍ਹਾ ਪਹਿਲਾਂ ਖੋਖੇ ਸਨ ਜਿੱਥੇ ਸਰਕਾਰ ਵੱਲੋਂ 2003 ਵਿੱਚ ਦੁਕਾਨਾਂ ਬਣਾ ਦਿੱਤੀਆਂ ਗਈਆਂ। ਦੁਕਾਨਦਾਰ ਲਗਾਤਾਰ ਰੈੱਡ ਕਰਾਸ ਨੂੰ ਦੁਕਾਨਾਂ ਦਾ ਕਿਰਾਇਆ ਦੇ ਰਹੇ ਸਨ, ਹੁਣ ਸਰਕਾਰ ਓਯੂਵੀਜੀਐੱਲ ਸਕੀਮ ਅਧੀਨ ਦੁਕਾਨਾਂ ਦੀ ਜਗ੍ਹਾ ਪੁੱਡਾ ਨੂੰ ਟਰਾਂਸਫਰ ਕਰਕੇ 50 ਸਾਲ ਤੋਂ ਦੁਕਾਨਾਂ ਚਲਾ ਰਹੇ ਜ਼ੀਰਾ ਦੇ 40 ਦੁਕਾਨਦਾਰਾਂ ਨੂੰ ਉਜਾੜ ਰਹੀ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੁਕਾਨਾਂ ਢਾਹੁਣ ਦਾ ਫੈਸਲਾ ਜਲਦੀ ਵਾਪਸ ਨਾ ਲਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ, ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਇਸ ਮੌਕੇ ਕਰਿਆਨਾ ਯੂਨੀਅਨ ਜ਼ੀਰਾ ਦੇ ਪ੍ਰਧਾਨ ਜਸਵਿੰਦਰ ਸਿੰਘ ਭਾਟੀਆ, ‘ਆਪ’ ਆਗੂ ਜਸਪਾਲ ਸਿੰਘ ਵਿਰਕ, ਹੈਲਪਿੰਗ ਹੈਂਡਜ ਸੰਸਥਾ ਜ਼ੀਰਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਬਲੂ, ਜਗਤਾਰ ਸਿੰਘ ਸ਼ਾਹਵਾਲਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਕਾਰਜਕਾਰੀ ਮੈਂਬਰ ਪੰਜਾਬ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਪ੍ਰੈੱਸ ਸਕੱਤਰ ਮੰਗਲ ਸਿੰਘ ਸੰਧੂ ਸ਼ਾਹਵਾਲਾ ਅਤੇ ਹੋਰ ਹਾਜ਼ਰ ਸਨ।
ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ: ਨਾਇਬ ਤਹਿਸੀਲਦਾਰ
ਮੌਕੇ ’ਤੇ ਪੁੱਜੇ ਨਵ-ਨਿਯੁਕਤ ਨਾਇਬ ਤਹਿਸੀਲਦਾਰ ਰਾਜ ਕੁਮਾਰ ਚੱਢਾ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਦੁਕਾਨਾਂ ਦੀ ਜਗ੍ਹਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਦੁਕਾਨਦਾਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।