ਦੁਕਾਨਦਾਰਾਂ ਵੱਲੋਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ
ਇੱਥੋਂ ਦੀ ਜੈਤੋ ਰੋਡ ’ਤੇ ਪਿਛਲੇ ਤਿੰਨ ਹਫ਼ਤਿਆਂ ਤੋਂ ਸੀਵਰੇਜ ਬੰਦ ਹੋਣ ਕਾਰਨ ਸੜਕਾਂ ’ਤੇ ਖੜ੍ਹੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਇਲਾਕੇ 50 ਤੋਂ ਵੱਧ ਦੁਕਾਨਦਾਰਾਂ ਅਤੇ ਲਾਗਲੇ ਮੁਹੱਲਾ ਵਾਸੀਆਂ ਨੇ ਆਪਣੀਆਂ ਦੁਕਾਨਾਂ ਨੂੰ ਜਿੰਦਰੇ ਲਾ ਕੇ ਫੇਰੂਮਾਨ ਚੌਕ (ਕੋਟਕਪੂਰਾ ਜੈਤੋ ਰੋਡ) ਨੂੰ ਅਣਮਿਥੇ ਸਮੇਂ ਲਈ ਜਾਮ ਕਰ ਦਿੱਤਾ ਹੈ। ਉਨ੍ਹਾਂ ਟੈਂਟ ਤੇ ਮੇਜ਼ ਲਗਾ ਕੇ ਸੜਕ ਬੰਦ ਕੀਤੀ ਅਤੇ ਧਰਨਾ ਦੇ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਐਲਾਨ ਕੀਤਾ ਹੈ ਕਿ ਜਿੰਨੀ ਦੇਰ ਇਸ ਪਾਣੀ ਤੋਂ ਨਿਜਾਤ ਨਹੀਂ ਮਿਲਦੀ, ਧਰਨਾ ਜਾਰੀ ਰਹੇਗਾ।
ਦੁਕਾਨਦਾਰ ਯੂਨੀਅਨ ਦੇ ਆਗੂ ਰਮਨ ਦੂਆ ਅਤੇ ਜੈ ਕਿਸ਼ਨ ਜੁਨੇਜਾ ਨੇ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਉਹ ਪ੍ਰਸ਼ਾਸਨ ਦੇ ਤਰਲੇ ਕੱਢ ਕੇ ਥੱਕ ਗਏ ਹਨ, ਪਰ ਕਿਸੇ ਵੱਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸੀਵਰੇਜ ਬੰਦ ਹੋਣ ਕਰ ਕੇ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਵਾਲੀ ਸੜਕ ਪਾਣੀ ਨਾਲ ਭਰੀ ਹੋਈ ਹੈ। ਇਸ ਕਾਰਨ ਦੁਕਾਨਾਂ ’ਤੇ ਕੋਈ ਗਾਹਕ ਨਹੀਂ ਆ ਰਿਹਾ। ਇਸ ਗੰਦੇ ਪਾਣੀ ਕਾਰਨ ਉਨ੍ਹਾਂ ਦਾ ਕਾਰੋਬਾਰ ਤਾਂ ਪ੍ਰਭਾਵਿਤ ਹੋ ਹੀ ਰਿਹਾ ਹੈ ਇਲਾਕੇ ਵਿੱਚ ਬਿਮਾਰੀਆਂ ਵੀ ਫੈਲਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿੱਚ ਆਪਣੀਆਂ ਕੁਰਸੀਆਂ ਬਚਾਉਣ ਅਤੇ ਕੁਰਸੀਆਂ ਹਾਸਲ ਕਰਨ ਲਈ ਸਿਆਸੀ ਆਗੂਆਂ ਵਿੱਚ ਖਿੱਚੋਤਾਣ ਚੱਲ ਰਹੀ ਹੈ ਜਿਸ ਦਾ ਖ਼ਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੀ ਸਮੱਸਿਆ ਤਾਂ ਹਰ ਵਾਰ ਆਉਂਦੀ ਹੈ, ਪਰ ਇਸ ਵਾਰੀ ਆਈ ਇਹ ਸਮੱਸਿਆ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ।
ਮਸ਼ੀਨ ’ਚ ਖ਼ਰਾਬੀ ਕਾਰਨ ਦਿੱਕਤ ਆਈ: ਈਓ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅੰਮ੍ਰਿਤ ਲਾਲ ਨੇ ਦੱਸਿਆ ਕਿ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੌਂਸਲ ਨੇ ਤਕਰੀਬਨ 77 ਲੱਖ ਰੁਪਏ ਦੀ ਰਕਮ ਸੀਵਰੇਜ ਬੋਰਡ ਦੇ ਖਾਤੇ ਭੇਜ ਦਿੱਤੀ ਹੈ। ਉਨ੍ਹਾਂ ਵੱਲੋਂ ਦੋ ਦਿਨ ਪਹਿਲਾਂ ਸੀਵਰੇਜ ਦੀ ਸਫ਼ਾਈ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਮਸ਼ੀਨ ਵਿੱਚ ਖ਼ਰਾਬੀ ਆਉਣ ਕਾਰਨ ਇਹ ਕੰਮ ਰੁਕ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਮਸ਼ੀਨ ਠੀਕ ਹੋ ਕੇ ਆ ਜਾਵੇਗੀ।