ਮਿੱਤਲ ਗਰੁੱਪ ਬਠਿੰਡਾ ਵੱਲੋਂ 13 ਕਰੋੜ ਰੁਪਏ ਨਾਲ ਤਿਆਰ ਏਮਸ ਹਸਪਤਾਲ ਦੇ ਮਰੀਜ਼ਾਂ ਦੇ ਵਾਰਿਸਾਂ ਲਈ ਵੇਦ ਕੁਮਾਰੀ ਮਿੱਤਲ ਪੇਸ਼ੈਂਟ ਸ਼ੈਲਟਰ ਹੋਮ (ਧਰਮਸ਼ਾਲਾ) ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਏਮਜ਼ ਦੇ ਡਾਇਰੈਕਟਰ ਡਾ. ਰਤਨ ਗੁਪਤਾ, ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ, ਡੀ ਆਈ ਜੀ ਹਰਜੀਤ ਸਿੰਘ, ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ, ਵਿਧਾਇਕ ਜਗਰੂਪ ਸਿੰਘ ਗਿੱਲ, ਵਿਧਾਇਕ ਅਮਿਤ ਰਤਨ, ਭਾਜਪਾ ਆਗੂ ਸਰੂਪ ਚੰਦ ਸਿੰਗਲਾ ਤੋਂ ਇਲਾਵਾ ਇਲਾਕੇ ਦੀਆਂ ਸਮਾਜ ਸੇਵੀ, ਧਾਰਮਿਕ, ਸਿੱਖਿਅਕ ਸੰਸਥਾਵਾਂ ਦੇ ਆਗੂ ਅਤੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਸੈਕੜਿਆਂ ਦੀ ਗਿਣਤੀ ’ਚ ਲੋਕ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ’ਚ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਮਿੱਤਲ ਤੋਂ ਇਲਾਵਾ ਹੋਰ ਪਰਿਵਾਰ ਦੇ ਮੈਂਬਰਾਂ ਵੱਲੋਂ ਰਿਬਨ ਕੱਟ ਕੇ ਧਰਮਸ਼ਾਲਾ ਦਾ ਉਦਘਾਟਨ ਕੀਤਾ। ਇਸ ਉਪਰੰਤ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ’ਚ ਅਖੰਡ ਰਮਾਇਣ ਪਾਠ ਉਪਰੰਤ ਮਸ਼ਹੂਰ ਭਜਨ ਗਾਇਕ ਸੁਨੀਲ ਧਿਆਨੀ ਅਤੇ ਮੈਡਮ ਮਨਜੀਤ ਧਿਆਨੀ ਵੱਲੋਂ ਧਾਰਮਿਕ ਭਜਨ ਗਾਏ ਗਏ।
ਇਸ ਮੌਕੇ ਮਿੱਤਲ ਗਰੁੱਪ ਦੇ ਐੱਮ ਡੀ ਰਾਜਿੰਦਰ ਮਿੱਤਲ ਨੇ ਦੱਸਿਆ ਏਮਸ ਵੇਦ ਕੁਮਾਰੀ ਮਿੱਤਲ ਪੇਸ਼ੈਂਟ ਸ਼ੈਲਟਰ ਹੋਮ ਦਾ ਸੁਪਨਾ ਉਨ੍ਹਾਂ ਦੀ ਮਾਤਾ ਦਾ ਸੀ ਜਿਸ ਨੂੰ 13 ਕਰੋੜ ਰੁਪਏ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਗਰੁੱਪ ਦੇ ਹੀ ਦੁਆਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਅਧੀਨ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੈਲਟਰ ਹੋਮ (ਧਰਮਸ਼ਾਲਾ) ਅੰਦਰ 256 ਬੈੱਡਾਂ ਦਾ ਪ੍ਰਬੰਧ ਹੈ ਅਤੇ ਇਸ ’ਚ ਕੁੱਲ 63 ਕਮਰੇ ਹਨ ਜਿਹੜੇ ਏ ਸੀ ਅਤੇ ਨਾਨ-ਏਸੀ ਹਨ। ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਖਾਣ-ਪੀਣ ਦਾ ਚੰਗਾ ਪ੍ਰਬੰਧ ਕਰਦਿਆਂ 200 ਵਿਅਕਤੀਆਂ ਦੀ ਸਮਰੱਥਾ ਵਾਲੇ ਲੰਗਰ ਹਾਲ ਤੋਂ ਇਲਾਵਾ 80 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਅਲੱਗ ਤੋਂ ਏ ਸੀ ਰੈਸਟੋਰੈਂਟ ਵੀ ਤਿਆਰ ਕੀਤਾ ਗਿਆ ਹੈ। ਧਰਮਸ਼ਾਲਾ ’ਚ 100 ਲੋਕਾਂ ਦੀ ਸਮਰੱਥਾ ਵਾਲਾ ਵੇਟਿੰਗ ਰੂਮ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਕਾਫ਼ੀ ਘੱਟ ਫੀਸ ਰੱਖੀ ਗਈ ਹੈ।
ਸੁਖਬੀਰ ਬਾਦਲ ਨੇ ਆਪ ’ਤੇ ਨਿਸ਼ਾਨਾ ਸੇਧਿਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਫੇਰੀ ਦੌਰਾਨ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸੇਧਿਆ। ਉਹ ਬਠਿੰਡਾ ਦੇ ਉੱਘੇ ਉਦਯੋਗਪਤੀ ਰਾਜਿੰਦਰ ਮਿੱਤਲ ਦੇ ਪਰਵਾਰ ਵੱਲੋਂ ਮਾਤਾ ਵੇਦ ਕੁਮਾਰੀ ਮਿੱਤਲ ਹੋਮ ਸ਼ੈਲਟਰ ਦੇ ਉਦਘਾਟਨੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪੁੱਜੇ ਸਨ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ ਦੌਰਾਨ ਨਾਮਜ਼ਦਗੀਆਂ ਰੱਦ ਹੋਣ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ’ਤੇ ਸ੍ਰੀ ਬਾਦਲ ਨੇ ਪੰਜਾਬ ਦੇ ਤਰਨ ਤਾਰਨ ਤੇ ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਹੋਈ ਕਥਿਤ ਧੱਕੇਸ਼ਾਹੀ ਬਾਰੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਾਣ-ਬੁੱਝ ਕੇ ਕਾਗਜ਼ ਰੱਦ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਅਨਪੜ੍ਹ ਨਹੀਂ ਹਨ, ਜਿਨ੍ਹਾਂ ਨੂੰ ਕਾਗਜ਼ ਭਰਨੇ ਨਹੀਂ ਆਉਂਦੇ। ਸੁਖਬੀਰ ਬਾਦਲ ਨੇ ਇੱਕ ਐੱਸ ਐੱਸ ਪੀ ਦੀ ਗੱਲਬਾਤ ਲੀਕ ਹੋਣ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਸਾਰੇ ਪੰਜਾਬ ਦੇ ਐੱਸ.ਐੱਸ.ਪੀ. ਅਤੇ ਡੀ.ਸੀ. ਨੂੰ ਅਕਾਲੀ ਦਲ ਦੇ ਨੋਮੀਨੇਸ਼ਨ ਰੱਦ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਤੰਤਰ ਦੀ ਦੁਰਵਰਤੋਂ ਕਰ ਕੇ ਲੋਕਤੰਤਰ ਨਾਲ ਖੇਡ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਚੰਗਾ ਸੀ ਕਿ ਉਹ ਚੋਣਾਂ ਹੀ ਨਾ ਕਰਵਾਉਂਦੇ।

