ਸ਼ਹੀਦ ਊਧਮ ਸਿੰਘ ਹਮੇਸ਼ਾ ਪ੍ਰੇਰਣਾ ਸਰੋਤ ਰਹਿਣਗੇ: ਨਾਇਬ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਤਪੱਸਿਆ ਤੇ ਉਨ੍ਹਾਂ ਦਾ ਬਲਿਦਾਨ ਹਮੇਸ਼ਾ ਪ੍ਰੇਰਣਾ ਦਿੰਦਾ ਰਹੇਗਾ। ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਦਾ ਬਦਲਾ ਲੈ ਕੇ ਕੌਮ ਦਾ ਨਾਂ ਰੌਸ਼ਨ ਕੀਤਾ। ਉਹ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਹੋਏ ਡੇਰਾ ਬਾਬਾ ਭੂਮਣ ਸ਼ਾਹ ਸੰਘਰ ਸਰਿਤਾ ਸੂਬਾਈ ਪੱਧਰੀ ਸਮਾਗਮ ’ਤੇ ਬਤੌਰ ਮੁੱਖ ਮਹਿਮਾਨ ਵਜੋਂ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਡੇਰਾ ਬਾਬਾ ਭੂਮਣ ਸ਼ਾਹ ਸੰਘਰ ਸਰਿਤਾ ਦੇ ਗੱਦੀ ਨਸ਼ੀਨ ਬਾਬਾ ਬ੍ਰਹਮ ਦਾਸ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਆਖਿਆ।
ਸ੍ਰੀ ਸੈਣੀ ਨੇ ਕਿਹਾ ਇਹ ਸਾਡਾ ਸੁਭਾਗ ਹੈ ਕਿ ਉਹ ਅਜਿਹੀ ਮਹਾਨ ਸ਼ਖ਼ਸੀਅਤ ਦਾ ਸ਼ਹੀਦੀ ਦਿਵਸ ਮਨਾ ਰਹੇ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਦੇਸ਼ ਦੀ ਆਉਣ ਵਾਲੀ ਪੀੜ੍ਹੀ ਨੂੰ ਹਮੇਸ਼ਾ ਪ੍ਰੇਰਿਤ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਧਰਤੀ ਬਾਬਾ ਭੂਮੰਸ਼ਨਸ਼ਾਹ ਮਹਾਰਾਜ ਦੀ ਪਵਿੱਤਰ ਧਰਤੀ ਹੈ, ਜੋ ਸਾਨੂੰ ਸ਼ਹੀਦਾਂ ਦੇ ਤਿਆਗ ਅਤੇ ਤਪੱਸਿਆ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹੀਦਾਂ ਦਾ ਕਰਜ਼ਾ ਨਹੀਂ ਉਤਾਰ ਸਕਦੇ, ਪਰ ਅਜਿਹੇ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰ ਸਕਦੇ ਹਾਂ। ਡੇਰੇ ਦੇ ਮੁਖੀ ਬਾਬਾ ਬ੍ਰਹਮਦਾਸ ਨੇ ਮੁੱਖ ਮੰਤਰੀ ਨੂੰ ਸਿਰੋਪਾਓ ਅਤੇ ਤ੍ਰਿਸ਼ੂਲ ਭੇਟ ਕਰਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਬਾਬਾ ਬ੍ਰਹਮਦਾਸ ਮਹਾਰਾਜ ਨੇ ਪ੍ਰੋਗਰਾਮ ਵਿੱਚ ਬਾਹਰੋਂ ਆਏ ਸੰਤਾਂ ਅਤੇ ਮਹਿਮਾਨਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।
ਏਲਨਾਬਾਦ (ਜਗਤਾਰ ਸਮਾਲਸਰ): ਸ਼ਹੀਦ ੳਊਧਮ ਸਿੰਘ ਦੇ 85ਵੇਂ ਸ਼ਹੀਦੀ ਦਿਹਾੜੇ ਮੌਕੇ ਅੱਜ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਤੇ ਪਤਵੰਤੇ ਲੋਕਾਂ ਨੇ ਸ਼ਹਿਰ ਦੇ ਡੱਬਵਾਲੀ ਰੋਡ ’ਤੇ ਸਥਿਤ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਫਾਊਂਡੇਸ਼ਨ ਦੇ ਪ੍ਰਧਾਨ ਅਮਰਪਾਲ ਸਿੰਘ ਖੋਸਾ ਨੇ ਕਿਹਾ ਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ ਪਰ ਅਜੋਕੇ ਸਮੇਂ ਦੌਰਾਨ ਇੱਕ ਵੱਡਾ ਦੁਖਾਂਤ ਵੇਖਣ ਨੂੰ ਮਿਲ ਰਿਹਾ ਹੈ ਕਿ ਵੱਖ ਵੱਖ ਧਰਮਾਂ ,ਮਜ਼੍ਹਬਾਂ ਦੇ ਨਾਮ ਤੇ ਸ਼ਹੀਦਾਂ ਨੂੰ ਵੀ ਵੰਡਿਆ ਜਾ ਰਿਹਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਹੀ ਨਹੀਂ ਹੈ।
ਫ਼ਿਰੋਜ਼ਪੁਰ (ਪੱਤਰ ਪ੍ਰੇਰਕ): ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਫਿਰੋਜ਼ਪੁਰ 'ਚ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਫਿਰੋਜ਼ਪੁਰ, ਵੱਖ-ਵੱਖ ਜਥੇਬੰਦੀਆਂ, ਸਮਾਜਿਕ ਧਾਰਮਿਕ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਐਡਵੋਕੇਟ ਬਲਜੀਤ ਸਿੰਘ ਕੰਬੋਜ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸ਼ਹਿਣਾ (ਪੱਤਰ ਪ੍ਰੇਰਕ): ਸਿਰਮੌਰ ਸਿੱਖਿਆ ਸੰਸਥਾ ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ। ਸ਼ਹੀਦ ਊਧਮ ਸਿੰਘ ਸੁਨਾਮ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ, ਜਿਸ ਨੇ ਬਰਤਾਨੀਆ ਦੀ ਧਰਤੀ ’ਤੇ ਜਾ ਕੇ 13 ਅਪਰੈਲ 1919 ਦੇ ਸਾਕਾ ਦਾ ਬਦਲਾ ਲਿਆ।