ਬੁਢਲਾਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ’ਚ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਮਿੱਡ-ਡੇ-ਮੀਲ ਵਾਲੀ ਜਗ੍ਹਾ ’ਚ ਗੰਦਾ ਪਾਣੀ ਭਰ ਗਿਆ ਜਿਸ ਕਾਰਨ ਖਾਣਾ ਬਣਾਉਣ ’ਚ ਮੁਸ਼ਕਲ ਆ ਰਹੀ ਹੈ। ਅਜਿਹੇ ਵਿੱਚ ਬੱਚਿਆਂ ਦੀ ਸਿਹਤ ਪ੍ਰਬੰਧਾਂ ਨਾਲ ਖਿਲਵਾੜ ਹੋ ਰਿਹਾ ਹੈ।
ਮਿੱਡ-ਡੇਅ ਮੀਲ ਬਣਾਉਣ ਵਾਲੀ ਪ੍ਰਬੰਧਕ ਜਸਵੀਰ ਕੌਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬਰਸਾਤਾਂ ਦੇ ਮੌਸਮ ਸਮੇਂ ਸੀਵਰੇਜ ਸਿਸਟਮ ਬੰਦ ਹੋਣ ਕਾਰ ਸਰਕਾਰੀ ਸਕੂਲ ਦੇ ਵਿਹੜੇ ’ਚ ਸੀਵਰੇਜ ਦਾ ਪਾਣੀ ਭਰ ਗਿਆ ਗਿਆ ਹੈ। ਸਕੂਲ ਪ੍ਰਬੰਧਕਾਂ ਵੱਲੋਂ ਗੰਦਾ ਪਾਣੀ ਨਾ ਕਢਵਾਉਣ ਕਾਰਨ ਮਿਡ-ਡੇ-ਮੀਲ ਵਾਲੀ ਜਗ੍ਹਾ ਉੱਪਰ ਬਦਬੂ ਮਾਰਨ ਲੱਗ ਪਈ। ਇਸ ਨੇੜੇ ਕੁੱਕ ਬੀਬੀਆਂ ਰੋਜ਼ਾਨਾ ਬੱਚਿਆਂ ਲਈ ਖਾਣਾ ਬਣਾਉਂਦੀਆਂ ਹਨ ਜਿਸ ਕਾਰਨ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਿੰਸੀਪਲ ਨਾਲ ਜਾ ਕੇ ਮਿੱਡ-ਡੇਅ-ਮੀਲ ਬਣਾਉਣ ਲਈ ਹੋਰ ਸਥਾਨ ਦੇ ਪ੍ਰਬੰਧਾਂ ਦੀ ਗੱਲ ਆਖੀ ਤਾਂ ਉਨ੍ਹਾਂ ਨੂੰ ਕੋਈ ਢੁਕਵਾਂ ਜਵਾਬ ਨਾ ਮਿਲਿਆ।
ਦੂਜੇ ਪਾਸੇ ਸਕੂਲ ਪ੍ਰਿੰਸੀਪਲ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸਕੂਲ ਅੰਦਰ ਦਾਖ਼ਲ ਹੋਇਆ ਸੀਵਰੇਜ ਦਾ ਪਾਣੀ ਕੱਢਣ ਲਈ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਦਿੱਤਾ ਗਿਆ ਅਤੇ ਪਾਣੀ ਨਿਕਲਣ ਤੋਂ ਬਾਅਦ ਉਥੇ ਮਿੱਟੀ ਪੁਵਾਉਣ ਦਾ ਕਾਰਜ ਆਰੰਭ ਕਰ ਦਿੱਤਾ ਜਾਵੇਗਾ।