ਸਿਰਸਾ ’ਚ ਪਾਸ਼ ਦੇ ਜਨਮ ਦਿਨ ਮੌਕੇ ਸੈਮੀਨਾਰ ਤੇ ਕਵੀ ਦਰਬਾਰ
ਪਾਸ਼ ਦੀ ਕਵਿਤਾ ਵਿੱਚ ਸ਼ਬਦਾਂ ਨੂੰ ਹਥਿਆਰਾਂ ਵਿੱਚ ਬਦਲ ਕੇ ਲੋਕਾਂ ਦੇ ਸੰਘਰਸ਼ ਨੂੰ ਤੇਜ਼ ਕਰਨ ਦੀ ਸ਼ਕਤੀ ਹੈ। ਇਹ ਗੱਲਾਂ ਆਲ ਇੰਡੀਆ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਕਮੇਟੀ ਦੇ ਮੈਂਬਰ ਕਾਮਰੇਡ ਸਵਰਨ ਸਿੰਘ ਵਿਰਕ ਨੇ ਕਹੀਆਂ। ਉਨ੍ਹਾਂ ਪੰਜਾਬੀ ਲੇਖਕ ਸਭਾ, ਸਿਰਸਾ ਅਤੇ ਪ੍ਰਲੇਸ ਵੱਲੋਂ ਸਰਕਾਰੀ ਨੈਸ਼ਨਲ ਕਾਲਜ, ਸਿਰਸਾ ’ਚ ਯੁੱਗ ਕਵੀ ਪਾਸ਼ ਦੇ ਜਨਮ ਦਿਵਸ ਦੇ ਮੌਕੇ ’ਤੇ ਕਰਵਾਏ ਗਏ ਸੈਮੀਨਾਰ ਅਤੇ ਕਵੀ ਦਰਬਾਰ ਦਾ ਪ੍ਰਧਾਨਗੀ ਭਾਸ਼ਣ ਦਿੱਤਾ। ਇਸ ਮੌਕੇ ਜੀਐੱਨਸੀ ਸਿਰਸਾ ਦੇ ਪ੍ਰਿੰਸੀਪਲ ਪ੍ਰੋ. ਹਰਜਿੰਦਰ ਸਿੰਘ, ਪਰਮਾਨੰਦ ਸ਼ਾਸਤਰੀ, ਡਾ. ਗੁਰਪ੍ਰੀਤ ਸਿੰਘ ਸਿੰਧਰਾ, ਰਮੇਸ਼ ਸ਼ਾਸਤਰੀ, ਡਾ. ਜੋਗਿੰਦਰ ਸਿੰਘ, ਉੱਘੇ ਸਾਹਿਤਕਾਰ ਲਖਵਿੰਦਰ ਸਿੰਘ ਬਾਜਵਾ, ਭੁਪਿੰਦਰ ਪੰਨੀਵਾਲੀਆ, ਸੇਵਾਮੁਕਤ ਪ੍ਰਿੰਸੀਪਲ ਕਰਤਾਰ ਸਿੰਘ ਅਤੇ ਛਿੰਦਰ ਕੌਰ ਸਿਰਸਾ ਮੌਜੂਦ ਸਨ। ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪ੍ਰਲੇਸ ਦੇ ਰਾਸ਼ਟਰੀ ਸਕੱਤਰੇਤ ਦੇ ਮੈਂਬਰ, ਹਰਿਆਣਾ ਰਾਜ ਦੇ ਜਨਰਲ ਸਕੱਤਰ ਅਤੇ ਜੀਐਨਸੀ ਸਿਰਸਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਵਿੰਦਰ ਸਿੰਘ ਸਿਰਸਾ ਨੇ ਕਵੀ ਪਾਸ਼ ਦੀ ਸ਼ਖ਼ਸੀਅਤ ਅਤੇ ਕੰਮਾਂ ’ਤੇ ਵਿਸਥਾਰਪੂਰਵਕ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰਿੰਸੀਪਲ ਪ੍ਰੋ. ਹਰਜਿੰਦਰ ਸਿੰਘ, ਡਾ. ਜੋਗਿੰਦਰ ਸਿੰਘ, ਪਰਮਾਨੰਦ ਸ਼ਾਸਤਰੀ, ਡਾ. ਮੰਗਾ ਰਾਮ, ਡਾ. ਸ਼ੇਰ ਚੰਦ ਅਤੇ ਕਰਤਾਰ ਸਿੰਘ ਨੇ ਵੀ ਪਾਸ਼ ਕਾਵਿ ਦੇ ਮੁੱਖ ਸਰੋਕਾਰਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਹੁਣ ਪਾਸ਼ ਕਾਵਿ ਦਾ ਅਧਿਐਨ ਅਤੇ ਵਿਚਾਰ ਕਰਨ ਦੀ ਹੋਰ ਵੀ ਜ਼ਰੂਰਤ ਹੈ ਕਿਉਂਕਿ ਇਹ ਮੌਜੂਦਾ ਮਾਹੌਲ ਵਿੱਚ ਆਮ ਲੋਕਾਂ ਲਈ ਸਹੀ ਰਸਤਾ ਬਣਾਉਣ ਦੇ ਸਮਰੱਥ ਹੈ। ਮੁਖਤਿਆਰ ਸਿੰਘ ਚੱਠਾ ਜੋ ਅੰਮ੍ਰਿਤਸਰ ਕਲਾਂ ਪਿੰਡ ਵਿੱਚ ਆਮ ਲੋਕਾਂ ਲਈ ਇੱਕ ਲਾਇਬ੍ਰੇਰੀ ਚਲਾਉਂਦੇ ਹਨ, ਨੂੰ ਪ੍ਰੋਗਰਾਮ ਦੌਰਾਨ ਡਾ. ਹਰਵਿੰਦਰ ਸਿੰਘ ਸਿਰਸਾ ਵੱਲੋਂ ਦਸ ਕਿਤਾਬਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਪੰਜਾਬੀ ਲੇਖਕ ਸਭਾ, ਸਿਰਸਾ ਦੇ ਸਕੱਤਰ ਸੁਰਜੀਤ ਸਿੰਘ ਸਿਰੜੀ ਨੇ ਕੀਤਾ।