ਕਿਸਾਨਾਂ ਨੂੰ ਡੀਏਪੀ ਖਾਦ ਨਾ ਮਿਲਣ ’ਤੇ ਸ਼ੈਲਜਾ ਨੇ ਚੁੱਕੇ ਸਵਾਲ
ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਹਰਿਆਣਾ ਵਿੱਚ ਡੀਏਪੀ ਖਾਦ ਦਾ ਸਟਾਕ ਲੋੜ ਤੋਂ ਵੱਧ ਹੈ ਤਾਂ ਫਿਰ ਕਿਸਾਨਾਂ ਨੂੰ ਖਾਦ ਮਿਲ ਕਿਉਂ ਨਹੀਂ ਰਹੀ। ਖਾਦ ਫਾਲਤੂ ਹੈ ਤਾਂ ਫਿਰ ਸਰਕਾਰ ਜਣ-ਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਸਰਕਾਰ ਨੂੰ ਕਾਗਜ਼ੀ ਅੰਕੜਿਆਂ ਤੋਂ ਪਰੇ ਜਾ ਕੇ ਜ਼ਮੀਨੀ ਹਕੀਕਤ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਸੂਬੇ ਵਿੱਚ ਕਿਸਾਨ ਡੀਏਪੀ ਖਾਦ ਲਈ ਖਜਲ ਖੁਆਰ ਹੋ ਰਹੇ ਹਨ। ਕਈ ਘੰਟਿਆਂ ਤੱਕ ਲਾਈਨ ਵਿੱਚ ਇੰਤਜ਼ਾਰ ਕਰਨ ਤੋਂ ਬਾਅਦ ਪਤਾ ਲੱਗਾ ਕਿ ਖਾਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਖੇਤੀਬਾੜੀ ਮੰਤਰੀ ਦਾਅਵਾ ਕਰਦੇ ਹਨ ਕਿ ਖਾਦ ਦੀ ਕੋਈ ਕਮੀ ਨਹੀਂ ਹੈ ਜੇ ਇਹ ਦਾਅਵੇ ਸੱਚ ਹਨ ਤਾਂ ਫਿਰ ਕਿਸਾਨ ਖਜਲ ਖੁਆਰ ਕਿਉਂ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਡੀਏਪੀ ਖਾਦ ਬਲੈਕ ਵਿੱਚ ਵੇਚੀ ਜਾ ਰਹੀ ਹੈ ਪਰ ਸਰਕਾਰ ਖਾਦ ਬਲੈਕ ਵੇਚਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਸਰਕਾਰ ਵਾਰ-ਵਾਰ ਝੂਠ ਬੋਲ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੀ ਹੋਈ ਹੈ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਅਤੇ ਲੋੜੀਂਦੀ ਮਾਤਰਾ ਵਿੱਚ ਖਾਦ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।