ਸੀਚੇਵਾਲ ਵੱਲੋਂ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਥੇ ਬੱਧਨੀ ਕਲਾਂ ਖੇਤਰਾਂ ਦੇ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਝੋਨੇ ਦੀ ਫ਼ਸਲ ਬਰਬਾਦ ਹੋਣ ਤੋਂ ਪੀੜਤ ਕਿਸਾਨਾਂ ਨੂੰ ਮੁਫ਼ਤ ਪਨੀਰੀ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਲੋਕਾਂ ਲਈ ਮੁਸੀਬਤ ਬਣੇ ਬੁੱਘੀਪੁਰਾ ਦੇ ਛੱਪੜ ’ਚ 35 ਲੱਖ ਖਰਚ ਕੇ ਬਣਾਏ ਥਾਪਰ ਮਾਡਲ ਨੂੰ ਵੀ ਦੇਖਿਆ।
ਉਨ੍ਹਾਂ ਕਿਹਾ ਕਿ ਲੋਕਾਂ ਅਤੇ ਕਿਸਾਨਾਂ ਦੇ ਹਾਲਾਤ ਦੇਖ ਕੇ ਬਹੁਤ ਦੁੱਖ ਹੋਇਆ ਹੈ। ਇਸ ਕੁਦਰਤੀ ਆਫਤ ਦਾ ਸਾਨੂੰ ਮਿਲ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਉਨ੍ਹਾਂ ਝੋਨੇ ਦੀ ਫ਼ਸਲ ਖ਼ਰਾਬ ਹੋਣ ਵਾਲੇ ਕਿਸਾਨਾਂ ਨੂੰ ਮੁਫ਼ਤ ਪਨੀਰੀ ਦੀ ਪੇਸ਼ਕਸ਼ ਕੀਤੀ। ਕਿਸਾਨਾਂ ਵੱਲੋਂ ਇਹ ਮੰਗ ਕੀਤੀ ਗਈ ਕਿ ਪਾਣੀ ਦੀ ਨਿਕਾਸੀ ਲਈ ਪੁਲੀਆਂ ਬਣਾਈਆਂ ਜਾਣ। ਸੰਤ ਸੀਚੇਵਾਲ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਹਾਜ਼ਰੀ ਵਿੱਚ ਕਿਹਾ ਕਿ ਮੀਂਹ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬਣ ਨਾਲ ਬਰਬਾਦ ਹੁੰਦੀਆਂ ਹਨ। ਉਨ੍ਹਾਂ ਡਰੇਨੇਜ਼ ਵਿਭਾਗ, ਮੰਡੀ ਬੋਰਡ ਅਤੇ ਐੱਸਡੀਐੱਮ ਨੂੰ ਹਦਾਇਤਾਂ ਕੀਤੀਆਂ ਕਿ ਜਿੱਥੇ-ਜਿੱਥੇ ਵੀ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਛੋਟੀਆਂ ਪੁਲੀਆਂ ਬਣਾਉਣ ਦੀ ਲੋੜ ਹੈ, ਉਸ ਦਾ ਸਰਵੇ ਕਰਨ। ਇਸ ਮੌਕੇ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ ਤੇ ਡਰੇਨੇਜ਼ ਵਿਭਾਗ ਅਧਿਕਾਰੀ, ਕਿਸਾਨ ਤੇ ਕਈ ਪਿੰਡਾਂ ਦੇ ਸਰਪੰਚ ਮੌਜੂਦ ਸਨ।
ਉਨ੍ਹਾਂ ਪਿੰਡ ਬੁੱਘੀਪੁਰਾ ਦੇ ਛੱਪੜ ’ਚ ਬਣੇ ਥਾਪਰ ਮਾਡਲ ਨੂੰ ਵੀ ਦੇਖਿਆ। ਪੰਚਾਇਤ ਨੇ 35 ਲੱਖ ਖ਼ਰਚ ਕੇ ਗੰਦੇ ਪਾਣੀ ਦੇ ਨਿਕਾਸ ਲਈ ਇਹ ਬਣਾਇਆ ਸੀ ਜੋ ਲੋਕਾਂ ਲਈ ਹੀ ਮੁਸੀਬਤ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਡਰੇਨਾਂ ਅਤੇ ਛੱਪੜਾਂ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਅਤੇ ਮੀਂਹ ਦੇ ਪਾਣੀ ਦੇ ਨਿਕਾਸ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਡਰੇਨਾਂ ਅਤੇ ਛੱਪੜਾਂ ਦਾ ਜਾਇਜ਼ਾ ਲਿਆ।