ਟਰਾਈਡੈਂਟ ਗਰੁੱਪ ਦੇ ਮੈਡੀਕਲ ਕੈਂਪ ਦਾ ਦੂਜਾ ਪੜਾਅ ਮੁਕੰਮਲ
ਤੀਜਾ ਪੜਾਅ 12 ਤੋਂ; ਹੁਣ ਤੱਕ ਹਜ਼ਾਰਾਂ ਪੀਡ਼ਤਾਂ ਨੇ ਲਿਆ ਲਾਭ
ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਸ਼ੁਰੂ ਕੀਤੇ ਗਏ ਮੁਫ਼ਤ ਮੈਡੀਕਲ ਕੈਂਪ ਦਾ ਅੱਜ ਦੂਜਾ ਪੜਾਅ ਮੁਕੰਮਲ ਹੋ ਗਿਆ। ਕੈਂਪ ’ਚ ਸੀ ਐੱਮ ਸੀ ਹਸਪਤਾਲ ਦੇ ਮਾਹਰ ਡਾਕਟਰਾਂ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਲਾਜ ਲਈ ਆਏ ਮਰੀਜ਼ਾਂ ਨੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ, ਸੀ ਐੱਸ ਆਰ ਹੈੱਡ ਮਧੂ ਗੁਪਤਾ ਅਤੇ ਸੀ ਐਕਸ ਓ ਅਭਿਸ਼ੇਕ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਦਕਾ ਹੀ ਸਾਨੂੰ ਆਪਣੇ ਸ਼ਹਿਰ ’ਚ ਸੀ ਐੱਮ ਸੀ ਵਰਗੇ ਵੱਡੇ ਹਸਪਤਾਲ ਦੀਆਂ ਸਹੂਲਤਾਂ ਮੁਫ਼ਤ ’ਚ ਮਿਲੀਆਂ ਹਨ। ਟਰਾਈਡੈਂਟ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਡੈਂਟਲ ਸਕੇਲਿੰਗ, ਫ਼ਲਿੰਗ ਅਤੇ ਐਕਸਟਰੈਕਸ਼ਨ, ਡਾਇਗਨੋਸਟਿਕ ਟੈਸਟ, ਮੁਫ਼ਤ ਦਵਾਈਆਂ, ਐਕਸ-ਰੇ, ਈ ਸੀ ਜੀ, ਮੋਤੀਆ ਬਿੰਦ ਦੀ ਜਾਂਚ, ਅੱਖਾਂ ਦੀ ਪੂਰੀ ਤਰ੍ਹਾਂ ਜਾਂਚ ਅਤੇ ਮੁਫ਼ਤ ਚਸ਼ਮਿਆਂ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 16 ਮੈਡੀਸਨ ਸਪੈਸ਼ਲਿਸਟ ਡਾਕਟਰਾਂ ਵੱਲੋਂ ਚਮੜੀ, ਨੱਕ, ਕੰਨ ਅਤੇ ਮਹਿਲਾ ਰੋਗਾਂ ਦੀ ਜਾਂਚ ਅਤੇ ਇਲਾਜ ਕਰ ਰਹੇ ਹਨ। ਇਸ ਮੌਕੇ ਈ ਸੀ ਜੀ ਅਤੇ ਐਕਸ-ਰੇ ਟੈਸਟ ਵੀ ਪੂਰੀ ਤਰ੍ਹਾਂ ਮੁਫ਼ਤ ਕੀਤੇ ਜਾ ਰਹੇ ਹਨ। ਕੈਂਪ ’ਚ ਸੰਤੋਸ਼ ਕੁਮਾਰ ਪਿੰਡ ਕਰਮਗੜ੍ਹ, ਚਰਨ ਸਿੰਘ ਪਿੰਡ ਪੰਡੋਰੀ, ਅੰਗੂਰੀ ਦੇਵੀ ਪਿੰਡ ਰੰਗੀਆਂ, ਏਕਜੋਤ ਕੌਰ, ਸਵਰਨਜੀਤ ਕੌਰ ਸਣੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੇ ਟਰਾਈਡੈਂਟ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੈਂਪ ’ਚ ਆਏ ਡਾਕਟਰਾਂ ਵੱਲੋਂ ਬਹੁਤ ਹੀ ਧਿਆਨ ਨਾਲ ਹਰ ਮਰੀਜ਼ ਦੀ ਬਿਮਾਰੀ ਸਬੰਧੀ ਗੱਲ ਸੁਣ ਕੇ ਉਸ ਦੇ ਟੈਸਟ ਕਰ ਕੇ ਇਲਾਜ ਕੀਤਾ ਗਿਆ। ਇਸ ਤੋਂ ਇਲਾਵਾ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।

