ਸਕੂਲੀ ਖੇਡਾਂ: ਕਬੱਡੀ ’ਚ ਪਟਿਆਲਾ ਤੇ ਮੋਗਾ ਦੀਆਂ ਲੜਕੀਆਂ ਜੇਤੂ
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਮੈਚ ਦਾ ਉਦਘਾਟਨ ਕੀਤਾ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 69ਵੀਆਂ ਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇੱਥੇ ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮਮਤਾ ਖੁਰਾਣਾ ਸੇਠੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਚਮਕੌਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋ ਰਹੀਆਂ ਹਨ।
ਅੱਜ ਅੰਡਰ-17 ਲੜਕੀਆਂ ਦੇ ਕਬੱਡੀ ਦੇ ਕੁਆਰਟਰ ਫਾਈਨਲ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਬਠਿੰਡਾ ਨੇ ਫ਼ਰੀਦਕੋਟ ਨੂੰ, ਫ਼ਾਜ਼ਿਲਕਾ ਨੇ ਲੁਧਿਆਣਾ ਨੂੰ, ਮੋਗਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅਤੇ ਪਟਿਆਲਾ ਨੇ ਬਰਨਾਲਾ ਨੂੰ ਹਰਾਇਆ। ਸੈਮੀਫ਼ਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਨੇ ਬਠਿੰਡਾ ਨੂੰ ਅਤੇ ਮੋਗਾ ਨੇ ਫ਼ਾਜ਼ਿਲਕਾ ਨੂੰ ਹਰਾਇਆ। ਇਨ੍ਹਾਂ ਮੁਕਾਬਲਿਆਂ ਵਿੱਚ ਮੋਗਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਫਾਜ਼ਿਲਕਾ ਨੇ ਤੀਜਾ ਅਤੇ ਬਠਿੰਡਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਅੱਜ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ‘ਕਬੱਡੀ ਸਾਡੇ ਪੰਜਾਬੀ ਸੱਭਿਆਚਾਰ ਦੀ ਧੜਕਣ ਹੈ। ਇਹ ਸਿਰਫ਼ ਇੱਕ ਖੇਡ ਨਹੀਂ, ਸਗੋਂ ਹਿੰਮਤ, ਏਕਤਾ ਅਤੇ ਸਰੀਰਕ ਤੰਦਰੁਸਤੀ ਦਾ ਪ੍ਰਤੀਕ ਹੈ। ਇਸ ਖੇਡ ਵਿੱਚ ਜਿੱਤ ਸਿਰਫ਼ ਅੰਕਾਂ ਦੀ ਨਹੀਂ ਹੁੰਦੀ, ਸਗੋਂ ਆਪਣੇ ਆਪ ਉੱਤੇ ਭਰੋਸੇ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਜਦ ਮੈਦਾਨ ਵਿੱਚ ਪੈਰ ਰੱਖਦੇ ਹੋ, ਤਾਂ ਸਿਰਫ਼ ਆਪਣੀ ਸਕੂਲ ਜਾਂ ਟੀਮ ਨਹੀਂ, ਸਗੋਂ ਪੂਰੇ ਖਿੱਤੇ ਦੀਆਂ ਉਮੀਦਾਂ ’ਤੇ ਮਾਣ ਬਣਦੇ ਹੋ। ਉਨ੍ਹਾ ਆਖਿਆ ਕਿ ਖਿਡਾਰੀ ਇਹ ਵਚਨ ਲੈਣ ਕਿ ਉਹ ਇਮਾਨਦਾਰੀ, ਖੇਡ ਭਾਵਨਾ ਤੇ ਸਨਮਾਨ ਨਾਲ ਖੇਡਣੇਗ। ਉਨ੍ਹਾ ਕਿਹਾ ਕਿ ਮੈਦਾਨ ਵਿੱਚ ਸਾਡਾ ਟੀਚਾ ਜਿੱਤ ਹੋਵੇ ਤੇ ਪਰ ਮਨ ਵਿੱਚ ਨਿਮਰਤਾ ਕਾਇਮ ਰਹੇ।

