ਸੱਤੀ ਸਤਵਿੰਦਰ ਦੀ ਪੁਸਤਕ ‘ਬੁਲੰਦ ਖ਼ਿਆਲਾਂ ਦੇ ਅਹਿਸਾਸ’ ਦੀ ਘੁੰਡ ਚੁਕਾਈ
ਅੱਜ ਇੱਥੇ ਸਮਾਗਮ ਦੌਰਾਨ ਸੱਤੀ ਸਤਵਿੰਦਰ ਸਿੰਘ ਦੀ ਪਲੇਠੀ ਪੁਸਤਕ ‘ਬੁਲੰਦ ਖ਼ਿਆਲਾਂ ਦੇ ਅਹਿਸਾਸ’ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਮੁੱਖ ਵਕਤਾ ਜੈਤੋ ਦੇ ਹੀ ਜੰਮਪਲ, ਉੱਘੇ ਫ਼ਿਲਮ ਨਿਰਦੇਸ਼ਕ ਤੇ ਨਾਟਕਕਾਰ ਡਾ. ਪਾਲੀ ਭੁਪਿੰਦਰ ਸਿੰਘ ਸਨ। ਉਨ੍ਹਾਂ ਨੇ ਜੈਤੋ ਦੇ ਅਦਬੀ ਇਤਿਹਾਸ ਦੀ ਚਰਚਾ ਕਰਦਿਆਂ ਇੱਥੇ ਜਨਮੇ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ, ਪ੍ਰਸਿੱਧ ਗ਼ਜ਼ਲਗੋ ਦੀਪਕ ਜੈਤੋਈ ਸਮੇਤ ਬੌਧਿਕ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਅਨੇਕਾਂ ਸ਼ਖ਼ਸੀਅਤਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਵਾਰਤਿਕ ਦੇ ਖਾਲੀ ਪਏ ਪਿੜ ’ਚ ਸੱਤੀ ਸਤਵਿੰਦਰ ਸਿੰਘ ਵੱਲੋਂ ਪੁੱਟਿਆ ਇਹ ਪਲੇਠਾ ਕਦਮ ਪ੍ਰੇਰਨਾ ਦੇ ਨਵੇਂ ਦਿਸਹੱਦੇ ਸਥਾਪਤ ਕਰੇਗਾ। ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਆਪਣੇ ਜੀਵਨ ਦੀਆਂ ਸਾਹਿਤਕ ਯਾਦਾਂ ਦੇ ਹਵਾਲੇ ਨਾਲ ਹੱਥਲੀ ਕਿਤਾਬ ਦੀ ਪ੍ਰਸੰਸਾ ਕੀਤੀ। ਉਨ੍ਹਾਂ ਜੈਤੋ ’ਚ ਆਧੁਨਿਕ ਅਤੇ ਮਿਆਰੀ ਲਾਇਬ੍ਰੇਰੀ ਸਥਾਪਿਤ ਕੀਤੇ ਜਾਣ ਦਾ ਵੀ ਐਲਾਨ ਕੀਤਾ। ਮਾਤਾ ਅਮਰ ਕੌਰ ਚੈਰੀਟੇਬਲ ਅੱਖਾਂ ਦੇ ਹਸਪਤਾਲ ਦੇ ਸੰਚਾਲਕ ਸੰਤ ਰਿਸ਼ੀ ਰਾਮ ਨੇ ਕਿਹਾ ਕਿ ਸੱਤੀ ਸਤਵਿੰਦਰ ਸਿੰਘ ਜਿੱਥੇ ਆਪਣੇ ਕਿੱਤੇ ਨੂੰ ਸਮਰਪਿਤ ਹੈ, ਉੁਥੇ ਇਸ ਕਿਤਾਬ ਦੀ ਸਿਰਜਣਾ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਸਮਾਜ ਦੀ ਬਿਹਤਰੀ ਲਈ ਕਿੰਨਾ ਲਾ-ਮਿਸਾਲ ਜਜ਼ਬਾ ਰੱਖਦਾ ਹੈ।
ਯੂਨੀਵਰਸਿਟੀ ਕਾਲਜ ਘਨੌਰ ਤੋਂ ਪੁੱਜੇ ਡਾ. ਰਵਿੰਦਰ ਰਵੀ ਨੇ ਕਿਹਾ ਕਿ ਵਾਰਤਿਕ ਵਿਧਾ ਵਿਚ ਸੱਤੀ ਸਤਵਿੰਦਰ ਸਿੰਘ ਦਾ ਇਹ ਉਪਰਾਲਾ, ਉਸ ਲਈ ਵਾਰਤਿਕ ਲਿਖਣ ਲਈ ਹੋਰ ਦਿਲਚਸਪੀ ਪੈਦਾ ਕਰਨ ਦਾ ਸਬੱਬ ਬਣੇਗਾ। ਉਨ੍ਹਾਂ ਉੱਘੇ ਲੇਖਕ ਨਰਿੰਦਰ ਸਿੰਘ ਕਪੂਰ ਦੇ ਹਵਾਲੇ ਨਾਲ ਲੇਖਕ ਨੂੰ ਸਲਾਹ ਦਿੱਤੀ ਕਿ ਕਿਤਾਬ ਵਿਚਲੇ ਮਸੌਦੇ ਨੂੰ ਹੋਰ ਵਿਸਥਾਰ ਰੂਪ ਦਿੱਤਾ ਜਾ ਸਕਦਾ ਸੀ। ਉੱਘੇ ਨਾਟਕਕਾਰ ਜਗਦੇਵ ਢਿੱਲੋਂ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਵਿਚਾਰ ਪੇਸ਼ ਕਰਨ ਲਈ ਇਹ ਕਿਤਾਬ ਭਰਪੂਰ ਸਹਾਰਾ ਬਣੇਗੀ। ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰੋਸਟਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਨੇ ਕਿਹਾ ਕਿ ਇਸ ਪੁਸਤਕ ਦੀ ਵਿਸ਼ੇਸ਼ਤਾ ਹੈ ਕਿ ਇਸ ਨੂੰ ਜਿਸ ਵੀ ਪੰਨੇ ਤੋਂ ਪੜ੍ਹੋ, ਉੱਥੋਂ ਹੀ ਤਾਜ਼ਗੀ ਦਿੰਦੀ ਹੈ, ਉਕਾਊ ਬਿਲਕੁਲ ਵੀ ਨਹੀਂ। ਰੰਜਨ ਆਤਮਜੀਤ ਨੇ ਕਿਹਾ ਕਿ ਕਿਤਾਬ ਵਿਚਲੀਆਂ ਲਿਖ਼ਤਾਂ ’ਚੋਂ ਇਸ ਦੇ ਲੇਖਕ ਦੀ ਸ਼ਖ਼ਸੀ ਖ਼ੂਬੀ ਦੇ ਝਲਕਾਰੇ ਮਹਿਸੂਸ ਹੁੰਦੇ ਹਨ। ਸਮਾਗਮ ’ਚ ਪੁੱਜੇ ਵਿਸ਼ੇਸ਼ ਮਹਿਮਾਨਾਂ ਨੂੰ ਸੱਤੀ ਸਤਵਿੰਦਰ ਸਿੰਘ ਵੱਲੋਂ ਯਾਦਗਾਰੀ ਚਿੰਨ੍ਹਾਂ ਨਾਲ ਨਿਵਾਜਿਆ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਹਰਮੇਲ ਪਰੀਤ ਨੂੰ ਬਾਖ਼ੂਬੀ ਨਿਭਾਈ
ਇਸ ਮੌਕੇ ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਚੰੜੀਗੜ੍ਹ, ਹਰਪਾਲ ਸਿੰਘ ਕਾਕਾ, ਮੇਜਰ ਸਿੰਘ ਗੋਂਦਾਰਾ, ਸੁਰਜੀਤ ਸਿੰਘ ਅਰੋੜਾ, ਰਾਮ ਰਾਜ ਸੇਵਕ, ਪ੍ਰਮੋਦ ਧੀਰ, ਸੁਖਰੀਤ ਰੋਮਾਣਾ, ਹਰਸੰਗੀਤ ਸਿੰਘ ਹੈਪੀ, ਵੀਰਪਾਲ ਸ਼ਰਮਾ, ਗੁਰਮੀਤ ਪਾਲ ਸ਼ਰਮਾ, ਸੰਜੀਵ ਮਿੱਤਲ, ਸੰਜੀਵ ਸਿੰਘ ਸਾਗੂ, ਆਸ਼ੂ ਸਰਤਾਜ, ਆਸ਼ੂ ਮਿੱਤਲ, ਜਗਰੂਪ ਸਿੰਘ ਬਰਾੜ, ਇਕਬਾਲ ਸਿੰਘ ਬਰਾੜ, ਗੁਰਮੀਤ ਬਰਾੜ, ਗੁਰਜੰਟ ਸਿੰਘ ਤੇ ਹੋਰ ਹਾਜ਼ਰ ਸਨ।