ਮਾਨਸਾ ’ਚ ਸਫ਼ਾਈ ਕਾਮਿਆਂ ਦੀ ਹੜਤਾਲ ਖ਼ਤਮ
ਜੋਗਿੰਦਰ ਸਿੰਘ ਮਾਨ
ਮਾਨਸਾ, 5 ਜੂਨ
ਸਫ਼ਾਈ ਸੇਵਕਾਂ ਦੀ ਪਿਛਲੇ ਲਗਾਤਾਰ 11 ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਸਮਾਪਤ ਹੋ ਗਈ। ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਮਾਮਲਾ ਗੰਭੀਰਤਾ ਨਾਲ ਲੈਂਦਿਆਂ ਅੱਜ ਦੇਰ ਸ਼ਾਮ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਸਮੇਤ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਇਸ ਮਸਲੇ ਦਾ ਤੁਰੰਤ ਹੱਲ ਕੱਢਣ ਦੇ ਆਦੇਸ਼ ਦਿੱਤੇ। ਇਸ ਦੌਰਾਨ ਡੀਸੀ ਨੇ ਸਫ਼ਾਈ ਸੇਵਕਾਂ ਦੇ ਪੱਖ ਨੂੰ ਗੌਰ ਨਾਲ ਸੁਣਦਿਆਂ ਉਨ੍ਹਾਂ ਦੇ ਮੰਗਾਂ-ਮਸਲਿਆਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਬਕਾਇਦਾ ਹੜਤਾਲ ਖੋਲ੍ਹਣ ਦਾ ਐਲਾਨ ਕੀਤਾ ਗਿਆ। ਪ੍ਰਸ਼ਾਸਨ ਨੇ ਸਵੀਕਾਰਿਆ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਨਾਲ ਸ਼ਹਿਰ ਵਿੱਚ ਲੰਘਣਾ-ਟੱਪਣਾ ਔਖਾ ਹੋ ਗਿਆ ਹੈ। ਡਿਪਟੀ ਕਮਿਸ਼ਨਰ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਲੰਬਾ ਸਮਾਂ ਚੱਲਣ ਲਈ ਕਲਾਸ ਵੀ ਲਾਈ।
ਇਸੇ ਤਹਿਤ ਅੱਜ ਬਰੇਟਾ ਵਿੱਚ ਸਰਕਾਰ ਦਾ ਸਫ਼ਾਈ ਕਾਮਿਆਂ ਵੱਲੋਂ ਪੁਤਲਾ ਫੂਕਿਆ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਦਿਆ ਰਾਮ ਨੇ ਮੰਗ ਕੀਤੀ ਨਗਰ ਕੌਂਸਲ ਵਿਖੇ ਕੰਮ ਕਰਦੇ 105 ਆਊਟਸੋਰਸ ਸਫ਼ਾਈ ਕਰਮਚਾਰੀਆਂ ਨੂੰ ਠੇਕਾ ’ਤੇ ਕਰਨ, ਰੈਗੂਲਰ ਸਫ਼ਾਈ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਵਰਦੀਆਂ ਅਤੇ ਸਾਬਣਾਂ ਸਮੇਤ ਹੋਰ ਮੰਗਾਂ ਨੂੰ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਹਰਬੰਸ ਸਿੰਘ, ਸੰਜੀਵ ਕੁਮਾਰ ਰੱਤੀ, ਮੁਕੇਸ਼ ਕੁਮਾਰ,ਮਨੋਜ਼ ਕੁਮਾਰ,ਪਵਨ ਕੁਮਾਰ ਟਾਂਕ, ਵਿਨੋਦ ਕੁਮਾਰ, ਸੁਖਦੇਵ ਸਿੰਘ, ਰਾਜ ਕੁਮਾਰ ਅਤੇ ਵਿਜੈ ਕੁਮਾਰ ਨੇ ਵੀ ਸੰਬੋਧਨ ਕੀਤਾ। ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਨੇ ਕਿਹਾ ਕਿ ਭਲਕੇ ਤੋਂ ਸਫ਼ਾਈ ਸੇਵਕ ਬਕਾਇਦਾ ਕੰਮ ’ਤੇ ਆ ਕੇ ਸ਼ਹਿਰ ਦੀ ਸਫ਼ਾਈ ਕਰਨਗੇ।