ਕੋਟਕਪੂਰਾ ’ਚ ਸੰਧਵਾਂ ਵੱਲੋਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ
ਪੱਤਰ ਪ੍ਰੇਰਕ
ਕੋਟਕਪੂਰਾ, 11 ਜੂਨ
ਦਸਵੀਂ ਜਮਾਤ ’ਚੋਂ 100 ਫੀਸਦੀ ਅੰਕ ਹਾਸਲ ਕਰ ਕੇ ਪੰਜਾਬ ਵਿੱਚ ਮੋਹਰੀ ਰਹੀਆਂ ਕੋਟਕਪੂਰਾ ਨਾਲ ਸਬੰਧਤ ਦੋ ਵਿਦਿਆਰਥਣਾਂ ਨੂੰ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਨਮਾਨਿਤ ਕੀਤਾ। ਪੰਜਾਬ ਚੰਡੀਗੜ੍ਹ ਪੱਤਰਕਾਰ ਯੂਨੀਅਨ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਯੂਨੀਅਨ ਵੱਲੋਂ ਇਨ੍ਹਾਂ ਲੜਕੀਆਂ ਨੂੰ ਨਗਦ ਰਾਸ਼ੀ ਅਤੇ ਯਾਦਗਾਰੀ ਚਿਨ੍ਹਾਂ ਦਿੱਤੇ ਗਏ।
ਸਪੀਕਰ ਸੰਧਵਾਂ ਨੇ ਕਿਹਾ ਕਿ ਬੱਚਿਆਂ ਨੂੰ ਸਰਕਾਰ 51 ਹਜ਼ਾਰ ਰੁਪਏ ਇਨਾਮ ਵਜੋਂ ਦਿੰਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸੰਤ ਮੋਹਨ ਦਾਸ ਸਕੂਲ ਕੋਟਸੁਖੀਆ ਦੀਆਂ ਪੰਜਾਬ ਟਾਪਰ ਇਨ੍ਹਾਂ ਦੋਵੇਂ ਵਿਦਿਆਰਥਣਾਂ ਅਕਸ਼ਨੂਰ ਕੌਰ ਅਤੇ ਜਸ਼ਨਪ੍ਰੀਤ ਕੌਰ ਨੂੰ ਸਰਕਾਰ ਵੱਲੋਂ ਐਲਾਨ ਮੁਤਾਬਿਕ ਬਣਦੀ ਇਨਾਮੀ ਰਾਸ਼ੀ ਜਲਦੀ ਹੀ ਦਿੱਤੀ ਜਾਵੇਗੀ। ਉਨ੍ਹਾਂ ਪੱਤਰਕਾਰ ਯੂਨੀਅਨ ਅਤੇ ਗੁੱਡਮੌਰਨਿੰਗ ਕਲੱਬ ਦੇ ਐਨਆਰਆਈ ਵਿੰਗ ਵੱਲੋਂ ਦਿੱਤੀ ਰਾਸ਼ੀ ਦੇ ਚੈਕ ਇਨ੍ਹਾਂ ਬੱਚੀਆਂ ਨੂੰ ਭੇਟ ਕੀਤੇ। ਉਨ੍ਹਾਂ ਦੋ ਸਕੀਆਂ ਭੈਣਾਂ ਦਾ ਵੀ ਸਨਮਾਨ ਕੀਤਾ ਜੋ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਏਡੀਓ ਭਰਤੀ ਕੀਤੀਆਂ ਗਈਆਂ ਸਨ। ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਨੇ ਸਪੀਕਰ ਸੰਧਵਾਂ ਦਾ ਧੰਨਵਾਦ ਕੀਤਾ। ਡਾ. ਦੇਵਿੰਦਰ ਸੈਫੀ ਅਤੇ ਸੁਖਵਿੰਦਰ ਸਾਰੰਗ ਸਮੇਤ ਹੋਰ ਨਾਮਵਰ ਹਸਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਜਿੰਦਗੀ ਬਾਰੇ ਸਮਾਗਮ ਵਿੱਚ ਮੌਜੂਦ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਠੇਕੇਦਾਰ ਪ੍ਰੇਮ ਮੈਣੀ, ਮੋਹਰ ਸਿੰਘ ਗਿੱਲ, ਰਾਜ ਕੁਮਾਰ ਥਾਪਰ, ਨਰਿੰਦਰ ਬੈੜ੍ਹ, ਚਮਨ ਗਰਗ ਰਿੰਕੀ ਅਤੇ ਗੁਰਮੀਤ ਸਿੰਘ ਮੀਤਾ ਵੀ ਮੌਜੂਦ ਸਨ।